ਨਵੀਂ ਦਿੱਲੀ, 18 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਪੈਰਾਲੰਪਿਕ ਜਾ ਰਹੇ ਭਾਰਤੀ ਪੈਰਾ ਅਥਲੀਟਾਂ ਨੂੰ ਅਸਲ ਜ਼ਿੰਦਗੀ ਦੇ ਚੈਂਪੀਅਨ ਦਸਦਿਆਂ ਕਿਹਾ ਕਿ ਉਹ ਕੋਈ ਵੀ ਮਾਨਸਿਕ ਬੋਝ ਲਏ ਬਿਨਾਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਕਿਉਂਕਿ ਨਵੀਂ ਸੋਚ ਦਾ ਭਾਰਤ ਖਿਡਾਰੀਆਂ ’ਤੇ ਤਗਮਿਆਂ ਲਈ ਦਬਾਅ ਨਹੀਂ ਬਣਾਉਂਦਾ। ਟੋਕੀਓ ਓਲੰਪਿਕ ਤੋਂ ਪਹਿਲਾਂ ਭਾਰਤੀ ਟੀਮ ਨਾਲ ਗੱਲਬਾਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ 24 ਅਗਸਤ ਤੋਂ ਸ਼ੁਰੂ ਹੋ ਰਹੇ ਪੈਰਾਲੰਪਿਕ ਤੋਂ ਪਹਿਲਾਂ ਭਾਰਤ ਦੇ ਪੈਰਾਅਥਲੀਟਾਂ ਨਾਲ ਅੱਜ ਕਰੀਬ ਡੇਢ ਘੰਟਾ ਗੱਲਬਾਤ ਕੀਤੀ। ਉਨ੍ਹਾਂ ਦਿਵਿਆਂਗ ਖਿਡਾਰੀਆਂ ਦੀ ਜ਼ਿੰਦਗੀ ’ਚ ਆਈਆਂ ਚੁਣੌਤੀਆਂ ਬਾਰੇ ਪੁੱਛਿਆ, ਉਨ੍ਹਾਂ ਦੇ ਪਰਿਵਾਰ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਤੇ ਟੋਕੀਓ ’ਚ ਚੰਗੇ ਪ੍ਰਦਰਸ਼ਨ ਲਈ ਖਿਡਾਰੀਆਂ ਤੋਂ ਦਬਾਅ ਘਟਾਉਣ ਦੀ ਕੋਸ਼ਿਸ਼ ਵੀ ਕੀਤੀ। ਪ੍ਰਧਾਨ ਮੰਤਰੀ ਨੇ ਆਨਲਾਈਨ ਗੱਲਬਾਤ ਦੌਰਾਨ ਕਿਹਾ, ‘ਤੁਸੀਂ ਅਸਲੀ ਚੈਂਪੀਅਨ ਹੋ। ਤੁਸੀਂ ਜ਼ਿੰਦਗੀ ਦੀ ਖੇਡ ’ਚ ਮੁਸ਼ਕਲਾਂ ਨੂੰ ਹਰਾਇਆ ਹੈ ਅਤੇ ਕਰੋਨਾ ਮਹਾਮਾਰੀ ਕਾਰਨ ਵਧੀਆਂ ਪ੍ਰੇਸ਼ਾਨੀਆਂ ’ਚ ਵੀ ਅਭਿਆਸ ਰੁਕਣ ਨਹੀਂ ਦਿੱਤਾ। ‘ਯੈੱਸ ਵੀ ਵਿੱਲ ਡੂ ਇਟ, ਵੀ ਕੈਨ ਡੂ ਇਟ’ ਨੂੰ ਅਮਲ ’ਚ ਲਿਆ ਕੇ ਦਿਖਾਇਆ। ਇੱਕ ਖਿਡਾਰੀ ਵਜੋਂ ਤਗਮਾ ਅਹਿਮ ਹੈ ਪਰ ਨਵੀਂ ਸੋਚ ਦਾ ਭਾਰਤ ਆਪਣੇ ਖਿਡਾਰੀਆਂ ’ਤੇ ਤਗਮਿਆਂ ਲਈ ਦਬਾਅ ਨਹੀਂ ਬਣਾਉਂਦਾ।’ ਉਨ੍ਹਾਂ ਕਿਹਾ, ‘ਤੁਸੀਂ ਬਿਨਾਂ ਕਿਸੇ ਮਾਨਸਿਕ ਬੋਝ ਦੇ, ਸਾਹਮਣੇ ਕਿੰਨਾ ਮਜ਼ਬੂਤ ਖਿਡਾਰੀ ਹੈ, ਦੀ ਚਿੰਤਾ ਕੀਤੇ ਬਿਨਾਂ ਆਪਣਾ ਸਰਵੋਤਮ ਪ੍ਰਦਰਸ਼ਨ ਕਰੋ। ਤਿਰੰਗਾ ਲੈ ਕੇ ਤੁਸੀਂ ਟੋਕੀਓ ’ਚ ਸਰਵੋਤਮ ਪ੍ਰਦਰਸ਼ਨ ਕਰੋਗੇ ਤਾਂ ਤਗਮੇ ਹੀ ਨਹੀਂ ਜਿੱਤੋਗੇ ਬਲਕਿ ਨਵੇਂ ਭਾਰਤ ਦੇ ਸੰਕਲਪਾਂ ਨੂੰ ਨਵੀਂ ਊਰਜਾ ਵੀ ਦੇਵੋਗੇ।’