ਨਵੀਂ ਦਿੱਲੀ, 2 ਅਗਸਤ
ਪੈਗਾਸਸ ਜਾਸੂਸੀ ਮਾਮਲੇ ’ਤੇ ਚਰਚਾ ਦੀ ਮੰਗ ਕਰ ਰਹੇ ਵਿਰੋਧੀ ਦਲਾਂ ਦੀ ਹੰਗਾਮੇ ਕਾਰਨ ਸੰਸਦ ’ਚ ਚੱਲ ਰਹੀ ਖਿੱਚੋਤਾਣ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਮੰਗਲਵਾਰ ਸਵੇਰ ਦੇ ਖਾਣੇ ਦਾ ਸੱਦਾ ਦਿੱਤਾ ਹੈ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨੇ ਵਿਰੋਧੀ ਨੇਤਾਵਾਂ ਨੂੰ ਕੌਂਸਟੀਚਿਊਸ਼ਨ ਕਲੱਬ ’ਚ ਸਵੇਰੇ 9.45 ਵਜੇ ਨਾਸ਼ਤੇ ’ਤੇ ਬੁਲਾਇਆ ਹੈ ਤਾਂ ਕਿ ਪੈਗਾਸਸ ਮਾਮਲੇ ’ਤੇ ਕੇਂਦਰ ਸਰਕਾਰ ਦੀ ਘੇਰਾਬੰਦੀ ਅਤੇ ਉਸ ’ਤੇ ਦਬਾਅ ਬਣਾਉਣ ਦੀ ਰਣਨੀਤੀ ’ਤੇ ਚਰਚਾ ਕੀਤੀ ਜਾ ਸਕੇ। ਸੂਤਰਾਂ ਨੇ ਦੱਸਿਆ ਇਸ ਮੀਟਿੰਗ ਲਈ ਸ਼ਿਵ ਸੈਨਾ, ਰਾਸ਼ਟਰੀ ਜਨਤਾ ਦਲ, ਖੱਬੇ ਪੱਖੀ, ਤ੍ਰਿਣਮੂਲ ਕਾਂਗਰਸ ਅਤੇ ਕਈ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਵਿੱਚ ਦੋ ਸਦਨਾਂ ਦੇ ਵਿਰੋਧੀ ਦਲਾਂ ਦੇ ਨੇਤਾ ਸ਼ਾਮਲ ਹੋ ਸਕਦੇ ਹਨ।