ਨਿਊਪੋਰਟ, 22 ਜੁਲਾਈ
ਅਨੁਭਵੀ ਲਿਏਂਡਰ ਪੇਸ ਅਤੇ ਉਸ ਦੇ ਜੋੜੀਦਾਰ ਮਾਰਕਸ ਡੇਨੀਅਲ ਨੂੰ ਅੱਜ ਇੱਥੇ ਏਟੀਪੀ ਹਾਲ ਆਫ ਫੇਮ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀ-ਫਾਈਨਲ ਵਿੱਚ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਪੇਸ ਅਤੇ ਉਸ ਦੇ ਨਿਊਜ਼ੀਲੈਂਡ ਦੇ ਡੇਨੀਅਲ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੂੰ ਮਾਰਸੈੱਲ ਗਰੈਨੋਲਰਜ਼ ਅਤੇ ਸੇਰਗੇਈ ਸਟਾਖੋਵਸਕੀ ਦੀ ਗ਼ੈਰ-ਦਰਜਾ ਪ੍ਰਾਪਤ ਜੋੜੀ ਤੋਂ 6-3, 6-7 (8), 9-11 ਨਾਲ ਸ਼ਿਕਸਤ ਮਿਲੀ।
ਆਖ਼ਰੀ ਚਾਰ ਦੇ ਮੁਕਾਬਲੇ ਵਿੱਚ ਖੇਡਣ ਦੇ ਨਾਲ ਹੀ ਪੇਸ 2006 ਵਿੱਚ ਸੇਨ ਜੋਸ ਵਿੱਚ ਜੌਹਨ ਮਕੈਨਰੋ (47 ਸਾਲ) ਮਗਰੋਂ ਏਟੀਪੀ ਟੂਰ ਸੈਮੀ-ਫਾਈਨਲ ਵਿੱਚ ਖੇਡਣ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਬਣ ਗਿਆ ਹੈ। ਪੇਸ 46 ਸਾਲ ਦਾ ਹੈ।
ਨਵੀਂ ਰੈਂਕਿੰਗਜ਼ ਵਿੱਚ ਉਸ ਦੇ 75 ਤੋਂ 72ਵੇਂ ਸਥਾਨ ’ਤੇ ਪਹੁੰਚਣ ਦੀ ਉਮੀਦ ਹੈ। ਮੌਜੂਦਾ ਸੈਸ਼ਨ ਵਿੱਚ ਇਹ ਚੌਥਾ ਮੌਕਾ ਹੈ, ਜਦੋਂ ਪੇਸ ਨੇ ਏਟੀਪੀ ਵਿਸ਼ਵ ਟੂਰ ਵਿੱਚ ਸੈਮੀ-ਫਾਈਨਲ ਵਿੱਚ ਥਾਂ ਬਣਾਈ ਹੈ।
ਇਸ ਤੋਂ ਪਹਿਲਾਂ ਉਹ ਮਈ ਵਿੱਚ ਲਿਓਨ, ਅਪਰੈਲ ਵਿੱਚ ਮਾਰਾਕੇਚ ਅਤੇ ਫਰਵਰੀ ਵਿੱਚ ਮਾਉਂਟ ਪੇਲਰ ਵਿੱਚ ਆਖ਼ਰੀ-ਚਾਰ ਵਿੱਚ ਪਹੁੰਚਣ ਵਿੱਚ ਸਫਲ ਰਿਹਾ। ਏਟੀਪੀ ਟੂਰ ’ਤੇ 766ਵੀਂ ਜਿੱਤ ਨਾਲ ਪੇਸ ਡਬਲਜ਼ ਵਿੱਚ ਸਭ ਤੋਂ ਵੱਧ ਜਿੱਤ ਦਰਜ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਛੇਵੇਂ ਸਥਾਨ ’ਤੇ ਹੈ। ਉਹ ਉਨ੍ਹਾਂ ਛੇ ਖਿਡਾਰੀਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੇ ਟੂਰ ਪੱਧਰ ’ਤੇ ਡਬਲਜ਼ ਵਰਗ ਵਿੱਚ 750 ਤੋਂ ਵੱਧ ਜਿੱਤਾਂ ਦਰਜ ਕੀਤੀਆਂ ਹਨ। ਉਸ ਨੇ ਅਪਰੈਲ 2018 ਵਿੱਚ 750ਵੀਂ ਜਿੱਤ ਦਰਜ ਕੀਤੀ ਸੀ।