ਓਟਵਾ/ਪੇਈਚਿੰਗ:ਅਮਰੀਕਾ, ਆਸਟਰੇਲੀਆ ਤੇ ਬ੍ਰਿਟੇਨ ਮਗਰੋਂ ਹੁਣ ਕੈਨੇਡਾ ਨੇ ਵੀ ਪੇਈਚਿੰਗ ਵਿੱਚ ਸਰਦ ਰੁੱਤ ਓਲੰਪਿਕ ਖੇਡਾਂ ਦੇ ਸਫ਼ਾਰਤੀ ਬਾਈਕਾਟ ਦਾ ਐਲਾਨ ਕੀਤਾ ਹੈ। ਉਂਜ ਅਮਰੀਕਾ ਨੇ ਸਭ ਤੋਂ ਪਹਿਲਾਂ ਇਨ੍ਹਾਂ ਖੇਡਾਂ ਦਾ ਬਾਈਕਾਟ ਕੀਤਾ ਸੀ। ਅਮਰੀਕਾ ਨੇ ਸੋਮਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ਵਿੱਚ ਕਿਹਾ ਸੀ ਕਿ ਚੀਨ ਵੱਲੋਂ ਮਨੁੱਖੀ ਹੱਕਾਂ ਨੂੰ ਲੈ ਕੇ ਕੀਤੇ ਜਾਂਦੀਆਂ ‘ਵਧੀਕੀਆਂ’ ਦੇ ਮੱਦੇਨਜ਼ਰ ਉਸ ਦੇ ਸਰਕਾਰੀ ਅਧਿਕਾਰੀ ਫਰਵਰੀ ਵਿੱਚ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਸ਼ਿਰਕਤ ਨਹੀਂ ਕਰਨਗੇ। ਚੀਨ ਨੇ ਹਾਲਾਂਕਿ ਅਮਰੀਕਾ ’ਤੇ ਮੋੜਵਾਂ ਵਾਰ ਕਰਦਿਆਂ ਕਿਹਾ ਸੀ ਕਿ ਉਸ ਨੂੰ ਬਾਈਕਾਟ ਦੇ ਆਪਣੇ ਇਸ ਫੈਸਲੇ ਕਰਕੇ ਸਿੱਟੇ ਭੁਗਤਣੇ ਪੈਣਗੇ। ਚੀਨ ਨੇ ਆਪਣੀ ਇਸ ਚੇਤਾਵਨੀ ਬਾਰੇ ਕੋਈ ਬਹੁਤੀ ਤਫ਼ਸੀਲ ਨਹੀਂ ਦਿੱਤੀ ਸੀ। ਕੌਮਾਂਤਰੀ ਓਲੰਪਿਕ ਕਮੇਟੀ ਹਾਲਾਂਕਿ ਸਫ਼ਾਰਤੀ ਬਾਈਕਾਟ ਦੇ ਇਸ ਸੱਦੇ ਨੂੰ ਵਾਪਸ ਲਏ ਜਾਣ ਲਈ ਚਾਰਾਜ਼ੋਈ ਕਰ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਕਿਹਾ ਕਿ ਪੇਈਚਿੰਗ ਨੂੰ ਪੱਛਮੀ ਮੁਲਕਾਂ ਵੱਲੋਂ ਚੀਨ ਵਿੱਚ ਮਨੁੱਖੀ ਹੱਕਾਂ ਨੂੰ ਲੈ ਕੇ ਜਤਾਏ ਫ਼ਿਕਰਾਂ ਬਾਰੇ ਪਤਾ ਹੋਵੇਗਾ, ‘ਲਿਹਾਜ਼ਾ ਸਫ਼ਾਰਤੀ ਨੁਮਾਇੰਦੇ ਨਾ ਭੇਜਣ ਦੇ ਸਾਡੇ ਫੈਸਲੇ ’ਤੇ ਕਿਸੇ ਨੂੰ ਕੋਈ ਹੈਰਾਨਗੀ ਨਹੀਂ ਹੋਣੀ ਚਾਹੀਦੀ।’