ਬਰੈਂਪਟਨ/ਸਟਾਰ ਨਿਊਜ਼: (ਡਾ ਬਲਜਿੰਦਰ ਸਿੰਘ ਸੇਖੋਂ)  ਪੰਜਾਬੀ ਸਭਿਆਚਾਰ ਮੰਚ ਟੋਰੰਟੋ ਅਤੇ ਕੈਸੀ ਕੈਂਬਲ ਸੀਨੀਅਰ ਕਲੱਬ ਵਲੋਂ ਬੀਤੇ ਸ਼ਨਿਚਰਵਾਰ ਸ਼ਹੀਦ ਭਗਤ ਸਿੰਘ ਦਾ 112 ਵਾਂ ਜਨਮ ਦਿਨ ਨੂੰ ਬੜੇ ਸ਼ਾਨਦਾਨ ਢੰਗ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਬੁੱਧੀਜੀਵੀ, ਵਿਦਵਾਨ ਅਤੇ ਸ਼ਹੀਦ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕਾਂ ਨੇ ਹੁੰਮ ਹੁੰਮਾ ਕੇ ਸ਼ਮੂਲੀਅਤ ਕੀਤੀ। ਸਮਾਗਮ ਵਾਲਾ ਸਾਰਾ ਹਾਲ ਖਚਾ ਖਚ ਭਰਿਆ ਹੋਇਆ ਸੀ।  ਇਸ ਸਮਾਗਮ ਨੂੰ ਮੰਚ ਦੇ ਪ੍ਰਧਾਨ ਬਲਦੇਵ ਸਿੰਗ ਸਹਿਦੇਵ, ਉਘੇ ਸਾਹਿਤਕਾਰ ਡਾ ਵਰਿਆਮ ਸਿੰਘ ਸੰਧੂ, ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਜਗਜੀਤ ਸਿੰਘ ਜੋਗਾ, ਪ੍ਰਿੰਸੀਪਲ ਸੰਜੀਵ ਧਵਨ, ਪ੍ਰੋਫੈਸਰ ਬਲਜਿੰਦਰ ਸੇਖੋਂ, ਪ੍ਰੋਫੈਸਰ ਦਵਿੰਦਰ ਲੱਧੜ, ਕਰਨਲ(ਰਟਾਇਰ) ਗੁਰਕਿਰਪਾਲ ਰਿਸ਼ੀ, ਡਾ ਪਰਗਟ ਸਿੰਘ ਬੱਗਾ, ਪ੍ਰਸਿੱਧ ਕਵੀਆਂ, ਮਕਸੂਦ ਚੌਧਰੀ, ਅਵਤਾਰ ਸਿੰਘ ਅਰਸ਼ੀ ਨੇ ਸੰਬੋਧਨ ਕੀਤਾ ਅਤੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਇਨਕਲਾਬੀ ਕਾਰਨਾਮਿਆਂ ਦੀ ਹਰ ਪੱਖ ਤੋਂ ਬਰੀਕੀ ਨਾ ਵਿਆਖਿਆ ਕੀਤੀ। ਬੁਲਾਰਿਆਂ ਨੇ ਕਿਹਾ ਕਿ ਜੇਕਰ ਦੇਸ਼ ਵਿਚ ਸ਼ਹੀਦਾਂ ਦੇ ਆਦਰਸ਼ਾਂ ਤੇ ਸੁਪਨਿਆਂ ਨੂੰ ਪੂਰਾ ਕਰਨ ਵਾਲੀਆਂ ਸਰਕਾਰਾਂ ਬਣਦੀਆਂ ਤਾਂ ਕਿਰਤੀਆਂ-ਕਿਸਾਨਾ ਅਤੇ ਗਰੀਬ ਲੋਕਾਂ ਦੀ ਹੁਣ ਵਰਗੀ ਦੁਰਦਸ਼ਾ ਨਾ ਹੁੰਦੀ ਅਤੇ ਨਾ ਹੀ ਉਹ ਪੂੰਜੀਪਤੀਆਂ ਦੀ ਲੁੱਟ ਦਾ ਲੋਕ ਸ਼ਿਕਾਰ ਹੁੰਦੇ। ਬੇਰੁਜ਼ਗਾਰੀ, ਉੱਚਨੀਚ, ਛੁਤ ਛਾਤ ਅਤੇ ਆਰਥਿਕ ਨਾ ਬਰਾਬਰੀ ਦਾ ਭਾਰਤ ਵਿਚੋਂ ਕਦੋਂ ਦਾ ਖਾਤਮਾ ਹੋ ਗਿਆ ਹੁੰਦਾ।  ਸਮਾਗਮ ਦੇ ਅੰਤ ਤੇ ਬਲਦੇਵ ਸਿੰਘ ਸਹਿਦੇਵ ਨੇ ਸ਼ਹੀਦ ਦੀ ਵਿਚਾਰਧਾਰਾ ਨੂੰ ਮੰਨਣ ਵਾਲੀਆਂ ਧਿਰਾਂ ਨੂੰ ਇੱਕ ਹੋਣ ਦਾ ਮਤਾ ਪੇਸ਼ ਕੀਤਾ ਜੋ ਲੋਕਾਂ ਨੇ ਹੱਥ ਖੜ੍ਹੇ ਕਰ ਕੇ ਸਰਬਸੰਮਤੀ ਨਾਲ ਪਾਸ ਕੀਤਾ।  ਅਖੀਰ ਵਿਚ ਕੈਸੀ ਕੈਂਬਲ ਸੀਨੀਅਰ ਕਲੱਬ ਦੇ ਪ੍ਰਧਾਨ ਸੁਭਾਸ਼ ਖੁਰਮੀ ਨੇ ਸਾਰੇ ਆਇਆਂ ਦਾ ਧੰਨਵਾਦ ਕੀਤਾ।  ਮੰਚ ਦਾ ਸੰਚਾਲਨ ਸੁਖਦੇਵ ਧਾਲੀਵਾਲ ਨੇ ਨਿਰਵਿਘਨ ਚਲਾਇਆ। ਕੈਸੀ ਕੈਂਬਲ ਸੀਨੀਅਰ ਕਲੱਬ ਦੇ ਆਹੋਦੇਦਾਰਾਂ ਸਰਵ ਸ੍ਰੀ ਸਰਜਿੰਦਰ ਸਿੰਘ ਰਣੀਆਂ, ਬਲਵਿੰਦਰ ਸਿੰਘ ਟਹਿਣਾ, ਹਰਿੰਦਰ ਤੱਖੜ, ਦਵਿੰਦਰ ਸਿੰਘ ਅਤੇ ਗੁਲਜ਼ਾਰ ਸਿੰਘ ਬਰਾੜ ਨੇ ਸਮਾਗਮ ਵਿਚ ਸ਼ਾਮਿਲ ਪਤਵੰਤਿਆਂ ਲਈ ਖਾਣ ਪੀਣ ਦਾ ਸੁਚੱਜਾ ਪ੍ਰਬੰਧ ਕੀਤਾ। ਸਮਾਗਮ ਵਿਚ ਬਰੈਂਪਟਨ ਦੀਆਂ ਹੋਰ ਬਹੁਤ ਸਾਰੀਆਂ ਕਲੱਬਾਂ ਦੇ ਮੈਂਬਰਾਂ ਅਤੇ ਆਹੁਦੇਦਾਰਾਂ ਨੇ ਵੀ ਹਾਜ਼ਰੀ ਲਵਾਈ। । ਮੈਂਬਰ ਪਾਰਲੀਮੈਂਟ ਕਮਲ ਖੇਹਰਾ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।  ਪ੍ਰਬੰਧਕਾਂ ਵਲੋਂ ਟੀ ਵੀ ਚੈਨਲਾਂ ਵਲੋਂ ਦਿੱਤੇ ਸਹਿਯੋਗ ਦਾ ਵੀ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੁਐਡਰਨ ਲੀਡਰ ਸੋਹਨ ਸਿੰਘ ਪਰਮਾਰ ਅਤੇ ਪ੍ਰੀਤਮ ਸਿੰਘ ਸੇਖੋਂ ਨੂੰ ਸਨਮਾਨਿਤ ਕੀਤਾ ਗਿਆ।