ਓਟਵਾ, 21 ਜੂਨ : ਕੈਨੇਡਾ ਵਿੱਚ ਦਾਖਲ ਹੋਣ ਲਈ ਟਰੈਵਲ ਸਬੰਧੀ ਨਿਯਮਾਂ ਬਾਰੇ ਫੈਡਰਲ ਸਰਕਾਰ ਵੱਲੋਂ ਜਲਦ ਹੀ ਐਲਾਨ ਕੀਤਾ ਜਾਵੇਗਾ। ਨਾਗਰਿਕਾਂ ਲਈ ਕੁਆਰਨਟੀਨ ਸਬੰਧੀ ਨਿਯਮ ਕੀ ਹੋਣਗੇ ਤੇ ਪਾਰਮਾਨੈਂਟ ਰੈਜ਼ੀਡੈਂਟਸ, ਜਿਨ੍ਹਾਂ ਨੇ ਕੋਵਿਡ-19 ਖਿਲਾਫ ਵੈਕਸੀਨੇਸ਼ਨ ਪੂਰੀ ਕਰਵਾਈ ਹੋਵੇਗੀ, ਉਨ੍ਹਾਂ ਸਬੰਧੀ ਇਹ ਟਰੈਵਲ ਨਿਯਮ ਕਿਹੋ ਜਿਹੇ ਰਹਿਣਗੇ ਇਸ ਦਾ ਵੀ ਖੁਲਾਸਾ ਜਲਦ ਹੀ ਕੀਤਾ ਜਾਵੇਗਾ।
ਪਬਲਿਕ ਸੇਫਟੀ ਤੇ ਐਮਰਜੰਸੀ ਪ੍ਰੀਪੇਅਰਡਨੈੱਸ ਮੰਤਰੀ ਬਿੱਲ ਬਲੇਅਰ ਨੇ ਪਿਛਲੇ ਹਫਤੇ ਆਖਿਆ ਕਿ ਜਿਨ੍ਹਾਂ ਕੈਨੇਡੀਅਨਾਂ ਦਾ ਟੀਕਾਕਰਣ ਮੁਕੰਮਲ ਹੋ ਚੁੱਕਿਆ ਹੈ ਤੇ ਜਿਨ੍ਹਾਂ ਵਿਦੇਸ਼ੀਆਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ ਉਨ੍ਹਾਂ ਬਾਰੇ ਅੱਜ ਨਿਯਮਾਂ ਦਾ ਐਲਾਨ ਕੀਤਾ ਜਾਵੇਗਾ। ਇਸ ਸਮੇਂ ਜਿਨ੍ਹਾਂ ਲੋਕਾਂ ਕੋਲ ਕੈਨੇਡਾ ਦੀ ਨਾਗਰਿਕਤਾ ਨਹੀਂ ਹੈ ਤੇ ਰੈਜ਼ੀਡੈਂਟਸ ਦਾ ਦਰਜਾ ਨਹੀਂ ਹੈ ਉਹ ਉਸ ਸੂਰਤ ਵਿੱਚ ਟਰੈਵਲ ਕਰ ਸਕਦੇ ਹਨ ਜੇ ਉਨ੍ਹਾਂ ਦਾ ਟਰੈਵਲ ਕੰਮ,ਸਕੂਲ ਜਾਂ ਹੋਰ ਜ਼ਰੂਰੀ ਕਾਰੋਬਾਰ ਨਾਲ ਸਬੰਧਤ ਹੈ, ਉਹ ਲੋਕ ਕੈਨੇਡਾ ਟਰੈਵਲ ਨਹੀਂ ਕਰ ਸਕਦੇ ਜਿਹੜੇ ਸਿਰਫ ਘੁੰਮਣਾ ਫਿਰਨਾ ਚਾਹੁੰਦੇ ਹਨ ਜਾਂ ਸੈਰ ਸਪਾਟਾ ਚਾਹੁੰਦੇ ਹਨ।
ਜਿਵੇਂ ਜਿਵੇਂ ਵੱਧ ਤੋਂ ਵੱਧ ਕੈਨੇਡੀਅਨ ਕੋਵਿਡ-19 ਵੈਕਸੀਨੇਸ਼ਨ ਕਰਵਾ ਰਹੇ ਹਨ ਤੇ ਗਰਮੀਆਂ ਦੇ ਮੌਸਮ ਵਿੱਚ ਲੋਕ ਘਰ ਬੈਠ ਕੇ ਟਾਈਮ ਪਾਸ ਨਹੀਂ ਕਰਨਾ ਚਾਹੁੰਦੇ ਤਿਉਂ ਤਿਉਂ ਲਿਬਰਲ ਸਰਕਾਰ ਉੱਤੇ ਸਰਹੱਦੀ ਪਾਬੰਦੀਆਂ ਤੇ ਕੁਆਰਨਟੀਨ ਸਬੰਧੀ ਨਿਯਮਾਂ ਵਿੱਚ ਢਿੱਲ ਦੇਣ ਦਾ ਦਬਾਅ ਵੱਧਦਾ ਜਾ ਰਿਹਾ ਹੈ।ਵੀਕੈਂਡ ਉੱਤੇ ਦੇਸ਼ ਦੇ 75 ਫੀ ਸਦੀ ਲੋਕਾਂ ਦਾ ਟੀਕਾਕਰਣ ਮੁਕੰਮਲ ਹੋ ਗਿਆ ਤੇ 20 ਫੀ ਸਦੀ ਅਬਾਦੀ ਨੂੰ ਦੋਵੇਂ ਟੀਕੇ ਲਾਏ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਸਿਹਤ ਅਧਿਕਾਰੀਆਂ ਵੱਲੋਂ ਇਨ੍ਹਾਂ ਟੀਚਿਆਂ ਨੂੰ ਹੀ ਪੂਰਾ ਕਰਨ ਦੀ ਗੱਲ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਟਰੂਡੋ ਤੇ ਹੋਰਨਾਂ ਆਗੂਆਂ ਨੇ ਮਹਾਂਮਾਰੀ ਸਬੰਧਤ ਸਿਹਤ ਮਾਪਦੰਡਾਂ ਵਿੱਚ ਰਿਆਇਤ ਦੇਣ ਦੀ ਗੱਲ ਆਖੀ ਸੀ।