ਮੁੰਬਈ:ਬੌਲੀਵੁੱਡ ਅਦਾਕਾਰਾ ਪੂਨਮ ਪਾਂਡੇ ਨੇ ਆਪਣੀ ਆਉਣ ਵਾਲੀ ਮਿਊਜ਼ਿਕ ਵੀਡੀਓ ਵਿੱਚ ਇੱਕ ਪਾਣੀ ਦੇ ਟੈਂਕ ਵਿੱਚ ਸ਼ਾਰਕ ਦੇ ਬੱਚਿਆਂ ਨਾਲ ਦਿਖਾਈ ਦੇਵੇਗੀ। ਪੂਨਮ ਦਾ ਕਹਿਣਾ ਹੈ ਕਿ ਹਮੇਸ਼ਾ ਹੀ ਸ਼ਾਰਕ ਤੋਂ ਡਰਦੇ ਰਹਿਣ ਦੇ ਬਾਵਜੂਦ ਉਸ ਨੇ ਇੱਕ ਵੀਡੀਓ ਸ਼ੂਟ ਕੀਤਾ ਹੈ। ਪੂਨਮ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਕਿਹਾ, ‘‘ਇਹ ਯਕੀਨੀ ਤੌਰ ’ਤੇ ਸਭ ਤੋਂ ਔਖਾ ਸ਼ੂਟ ਸੀ, ਜੋ ਮੈਂ ਹੁਣ ਤੱਕ ਕੀਤਾ। ਅਸੀਂ ਚਾਰ ਦਿਨ ਲਗਾਤਾਰ ਸ਼ੂੂਟ ਕੀਤਾ ਅਤੇ ਹਰ ਰੋਜ਼ ਮੈਨੂੰ ਘੰਟਿਆਂਬੱਧੀ ਪਾਣੀ ਦੇ ਟੈਂਕ ਵਿੱਚ ਬੈਠਣਾ ਪੈਂਦਾ ਸੀ। ਮੈਂ ਹਮੇਸ਼ਾ ਹੀ ਸ਼ਾਰਕ ਤੋਂ ਡਰਦੀ ਰਹੀ ਹਾਂ ਅਤੇ ਇਸ ਟੈਂਕ ਵਿੱਚ ਸ਼ਾਰਕ ਦੇ ਬਹੁਤ ਸਾਰੇ ਬੱਚੇ ਸਨ।’’ ਇਸ ਵੀਡੀਓ ਵਿੱਚ ਪੂਨਮ ਕਾਲੇ ਰੰਗ ਦੇ ਲਿਬਾਸ ਵਿੱਚ ਸ਼ਾਰਕ ਟੈਂਕ ਵਿੱਚ ਡਾਂਸ ਕਰ ਰਹੀ ਹੈ ਅਤੇ ਪਾਣੀ ਦੇ ਹੇਠ ਗਾਣੇ ਦੇ ਬੋਲ ਗੁਣਗੁਣਾ ਰਹੀ ਹੈ। ਉਸ ਨੇ ਦੱਸਿਆ, ‘‘ਮੈਂ ਪਾਣੀ ਦੇ ਹੇਠ ਰਹਿ ਕੇ ਗਾਣੇ ਦੇ ਬੋਲ ਗਾਉਣੇ ਸੀ। ਇਹ ਬਹੁਤ ਮੁਸ਼ਕਲ ਸੀ। ਮੈਂ ਕੰਬਣ ਲੱਗਦੀ ਸੀ ਅਤੇ ਇਹ ਹੁਣ ਤੱਕ ਦਾ ਸਭ ਤੋਂ ਵੱਖਰਾ ਸ਼ੂਟ ਹੈ, ਜੋ ਮੈਂ ਕੀਤਾ।’’ ਅਦਾਕਾਰਾ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਲੋਕ ਉਸ ਦੀ ਵੀਡੀਓ ਪਸੰਦ ਕਰਨਗੇ।