ਪੇਈਚਿੰਗ, 3 ਫਰਵਰੀ

ਯੂਕਰੇਨ ਨੂੰ ਲੈ ਕੇ ਪੱਛਮੀ ਮੁਲਕਾਂ ਨਾਲ ਵਧੇ ਤਣਾਅ ਵਿਚਾਲੇ ਚੀਨ ਦੇ ਦੌਰੇ ’ਤੇ ਆ ਰਹੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਅਮਰੀਕਾ ਸਮੇਤ ਕੁਝ ਮੁਲਕਾਂ ਵੱਲੋਂ ਪੇਈਚਿੰਗ ਦੇ ਸਰਦ ਰੁੱਤ ਓਲੰਪਿਕਸ ਦੇ ਕੂਟਨੀਤਕ ਬਾਈਕਾਟ ਦੀ ਨਿੰਦਾ ਕੀਤੀ ਤੇ ਕਿਹਾ ਕਿ ਆਪਣੇ ਨਿੱਜੀ ਹਿੱਤਾਂ ਲਈ ਓਲੰਪਿਕ ਚਾਰਟਰ ਖ਼ਿਲਾਫ਼ ਖੇਡਾਂ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਭਲਕੇ 17 ਰੋਜ਼ਾ ਪੇਈਚਿੰਗ ਸਰਦ ਰੁੱਤ ਓਲੰਪਿਕਸ ਦਾ ਉਦਘਾਟਨ ਕਰਨਗੇ। ਪੂਤਿਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, 30 ਮੁਲਕਾਂ ਦੇ ਮੁਖੀ ਤੇ ਕੌਮਾਂਤਰੀ ਸੰਗਠਨਾਂ ਦੇ ਨੁਮਾਇੰਦੇ ਉਦਘਾਟਨੀ ਸਮਾਗਮ ’ਚ ਸ਼ਾਮਲ ਹੋਣ ਵਾਲੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪੂਤਿਨ ਨੇ ਲਿਖਿਆ, ‘ਦੁੱਖ ਦੀ ਗੱਲ ਹੈ ਕਿ ਕਈ ਦੇਸ਼ਾਂ ਵੱਲੋਂ ਆਪਣੇ ਸਵਾਰਥ ਲਈ ਖੇਡਾਂ ਦਾ ਸਿਆਸੀਕਰਨ ਕਰਨ ਦੀਆਂ ਕੋਸ਼ਿਸ਼ਾਂ ਹਾਲ ਹੀ ਵਿੱਚ ਤੇਜ਼ ਹੋ ਗਈਆਂ ਹਨ।’