* ਕਿਮ ਜੌਂਗ ਉਨ ਦੇ ਰੂਸ ਜਾਣ ਦੀ ਸੰਭਾਵਨਾ
* ਪੱਛਮੀ ਦੇਸ਼ਾਂ ਮੁਤਾਬਕ ਦੋਵਾਂ ਮੁਲਕਾਂ ਵਿਚਾਲੇ ਹੋ ਸਕਦੈ ਹਥਿਆਰਾਂ ਦਾ ਸੌਦਾ
ਸਿਓਲ, 12 ਸਤੰਬਰ
ਰੂਸ ਤੇ ਉੱਤਰੀ ਕੋਰੀਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਰੂਸ ਦਾ ਦੌਰਾ ਕਰ ਕੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਮਿਲਣਗੇ। ਪੱਛਮੀ ਮੁਲਕਾਂ ਨੂੰ ਫ਼ਿਕਰ ਹੈ ਕਿ ਇਸ ਦੌਰੇ ’ਚ ਦੋਵਾਂ ਮੁਲਕਾਂ ਦਰਮਿਆਨ ਹਥਿਆਰਾਂ ਦਾ ਸੌਦਾ ਹੋ ਸਕਦਾ ਹੈ ਤੇ ਇਹ ਯੂਕਰੇਨ ਵਿਚ ਮਾਸਕੋ ਵੱਲੋਂ ਛੇੜੀ ਜੰਗ ਨੂੰ ਹੋਰ ਤਿੱਖਾ ਕਰ ਸਕਦਾ ਹੈ। ਰੂਸ ਨੇ ਜਾਣਕਾਰੀ ਦਿੱਤੀ ਹੈ ਕਿ ਪੂਤਿਨ ਦੇ ਸੱਦੇ ਉਤੇ ਕਿਮ ਆਉਣ ਵਾਲੇ ਦਿਨਾਂ ਵਿਚ ਮਾਸਕੋ ਦਾ ਦੌਰਾ ਕਰਨਗੇ। ਇਸ ਦੌਰੇ ਦੀ ਪੁਸ਼ਟੀ ਉੱਤਰੀ ਕੋਰੀਆ ਦੀ ਸਰਕਾਰੀ ਖ਼ਬਰ ਏਜੰਸੀ ਨੇ ਵੀ ਕੀਤੀ ਹੈ। ਖ਼ਬਰ ਏਜੰਸੀ ‘ਏਪੀ’ ਦੇ ਪੱਤਰਕਾਰਾਂ ਨੇ ਉੱਤਰੀ ਕੋਰੀਆ ਤੇ ਰੂਸ ਦੀ ਸਰਹੱਦ ਉਤੇ ਉਹ ਰੇਲਗੱਡੀ ਦੇਖੀ ਹੈ ਜਿਸ ਨੂੰ ਆਮ ਤੌਰ ’ਤੇ ਕਿਮ ਵਰਤਦੇ ਹਨ। ਇਹ ਰੇਲਗੱਡੀ ਉੱਤਰੀ ਕੋਰੀਆ ਵਾਲੇ ਪਾਸੇ ਇਕ ਸਟੇਸ਼ਨ ਉਤੇ ਦੇਖੀ ਗਈ ਹੈ। ਕਿਮ ਦੇ ਰੇਲਗੱਡੀ ਵਿਚ ਮੌਜੂਦ ਹੋਣ ਬਾਰੇ ਹਾਲੇ ਕੁਝ ਸਪੱਸ਼ਟ ਨਹੀਂ ਹੈ। ਦੱਖਣੀ ਕੋਰੀਆ ਦੇ ਸੂਤਰਾਂ ਦਾ ਕਹਿਣਾ ਹੈ ਕਿ ਕਿਮ ਤੇ ਪੂਤਿਨ ਦੀ ਮੀਟਿੰਗ ਭਲਕੇ ਹੋ ਸਕਦੀ ਹੈ। ਜਪਾਨ ਦੀ ਖ਼ਬਰ ਏਜੰਸੀ ਨੇ ਰੂਸੀ ਅਧਿਕਾਰੀਆਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਕਿਮ ਆਪਣੀ ਰੇਲਗੱਡੀ ਵਿਚ ਰੂਸ ਵੱਲ ਜਾ ਰਹੇ ਹਨ। ਅਮਰੀਕੀ ਅਧਿਕਾਰੀਆਂ ਨੇ ਪਿਛਲੇ ਹਫ਼ਤੇ ਖ਼ੁਫੀਆ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਸੀ ਕਿ ਉੱਤਰੀ ਕੋਰੀਆ ਤੇ ਰੂਸ ਆਪਣੇ ਆਗੂਆਂ ਦਰਮਿਆਨ ਬੈਠਕ ਕਰਾਉਣ ਲਈ ਪ੍ਰਬੰਧ ਕਰ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਅਮਰੀਕਾ ਨਾਲ ਵਧਦੇ ਟਕਰਾਅ ਦੇ ਮੱਦੇਨਜ਼ਰ ਇਹ ਮੀਟਿੰਗ ਇਸੇ ਮਹੀਨੇ ਹੋ ਸਕਦੀ ਹੈ। ਰੂਸ ਦੀ ਖ਼ਬਰ ਏਜੰਸੀ ਮੁਤਾਬਕ ਬੈਠਕ ਰੂਸ ਦੇ ਦੱਖਣ ’ਚ ਸਥਿਤ ਸ਼ਹਿਰ ਵਲਾਦੀਵੋਸਤੋਕ ਵਿਚ ਹੋਣ ਦੀ ਸੰਭਾਵਨਾ ਹੈ। ਪੂਤਿਨ ਇਕ ਸਮਾਗਮ ਵਿਚ ਹਿੱਸਾ ਲੈਣ ਲਈ ਉੱਥੇ ਪਹਿਲਾਂ ਹੀ ਮੌਜੂਦ ਹਨ। ਸੰਨ 2019 ਵਿਚ ਪੂਤਿਨ ਦੀ ਕਿਮ ਨਾਲ ਪਹਿਲੀ ਮੀਟਿੰਗ ਵੀ ਇੱਥੇ ਹੀ ਹੋਈ ਸੀ।