ਮਾਸਕੋ/ਨਵੀਂ ਦਿੱਲੀ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ’ਤੇ ਅਰਥ ਭਰਪੂਰ ਗੱਲਬਾਤ ਕੀਤੀ ਅਤੇ ਯੂਕਰੇਨ ਜੰਗ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਦੋਵੇਂ ਆਗੂਆਂ ਨੇ ਦੁਵੱਲੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ ਦਾ ਅਹਿਦ ਵੀ ਦੁਹਰਾਇਆ। ਦੋਵੇਂ ਆਗੂਆਂ ਵਿਚਕਾਰ ਟੈਲੀਫੋਨ ਵਾਰਤਾ ਉਸ ਸਮੇਂ ਹੋਈ ਹੈ ਜਦੋਂ ਭਾਰਤ 4 ਜੁਲਾਈ ਨੂੰ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਕ ਦਿਨ ਪਹਿਲਾਂ ਰੂਸ ਦੇ ਸੁਰੱਖਿਆ ਕੌਂਸਲ ਸਕੱਤਰ ਨਿਕੋਲਾਈ ਪੈਤਰੂਸ਼ੇਵ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਰੂਸ ਦੇ ਤਾਜ਼ਾ ਸੁਰੱਖਿਆ ਘਟਨਾਕ੍ਰਮ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੋਦੀ ਅਤੇ ਪੂਤਿਨ ਨੇ ਆਪਸੀ ਹਿੱਤਾਂ ਵਾਲੇ ਖੇਤਰੀ ਅਤੇ ਆਲਮੀ ਮੁੱਦਿਆਂ ਬਾਰੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ ਕਿ ਦੋਵੇਂ ਆਗੂਆਂ ਨੇ ਇਕ-ਦੂਜੇ ਦੇ ਸੰਪਰਕ ’ਚ ਰਹਿਣ ਅਤੇ ਰਣਨੀਤਕ ਮਾਮਲਿਆਂ ’ਚ ਗੱਲਬਾਤ ਜਾਰੀ ਰੱਖਣ ’ਤੇ ਸਹਿਮਤੀ ਜਤਾਈ। ਰੂਸੀ ਖ਼ਬਰ ਏਜੰਸੀ ਤਾਸ ਮੁਤਾਬਕ ਰਾਸ਼ਟਰਪਤੀ ਪੂਤਿਨ ਨੇ ਮੋਦੀ ਨੂੰ ਦੱਸਿਆ ਕਿ ਯੂਕਰੇਨ ਨੇ ਕੂਟਨੀਤਕ ਢੰਗ ਨਾਲ ਜੰਗ ਖ਼ਤਮ ਕਰਨ ਤੋਂ ਕੋਰਾ ਇਨਕਾਰ ਕਰ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਯੂਕਰੇਨ ਮਾਮਲੇ ਨੂੰ ਵਿਚਾਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਇਸ ਮੁੱਦੇ ਦਾ ਹੱਲ ਵਾਰਤਾ ਅਤੇ ਕੂਟਨੀਤਕ ਢੰਗ ਰਾਹੀਂ ਕੱਢਣ ਦਾ ਮੁੜ ਸੱਦਾ ਦਿੱਤਾ। ਕਰੈਮਲਿਨ ਦੇ ਬਿਆਨ ਮੁਤਾਬਕ ਮੋਦੀ ਨੇ ਵੈਗਨਰ ਗਰੁੱਪ ਵੱਲੋਂ ਪਿਛਲੇ ਹਫ਼ਤੇ ਕੀਤੀ ਗਈ ਬਗ਼ਾਵਤ ਦੇ ਸਬੰਧ ’ਚ ਰੂਸ ਵੱਲੋਂ ਕੀਤੀ ਗਈ ਕਾਰਵਾਈ ਦੀ ਹਮਾਇਤ ਕੀਤੀ। ਬਿਆਨ ’ਚ ਕਿਹਾ ਗਿਆ ਕਿ ਦੋਵੇਂ ਆਗੂਆਂ ਨੇ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ ਅਤੇ ਜੀ-20 ਸਿਖਰ ਸੰਮੇਲਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।