ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਬਣੇ ਬੁੱਤ ‘ਤੇ ਹਾਲ ਹੀ ਵਿੱਚ ਫਾਇਰਿੰਗ ਕੀਤੀ ਗਈ, ਜਿਸ ‘ਤੇ ਗਾਇਕ ਦੀ ਮਾਤਾ ਚਰਨ ਕੌਰ ਨੇ ਡੂੰਘਾ ਦੁੱਖ ਅਤੇ ਗੁੱਸਾ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇੱਕ ਭਾਵੁਕ ਪੋਸਟ ਵਿੱਚ ਲਿਖਿਆ- “ਸਾਡੇ ਪੁੱਤਰ ਦੀ ਯਾਦ ‘ਤੇ ਹਮਲਾ ਸਾਡੀ ਆਤਮਾ ‘ਤੇ ਜ਼ਖ਼ਮ ਹੈ।”

ਮਾਤਾ ਚਰਨ ਕੌਰ ਨੇ ਕਿਹਾ ਕਿ ਕੁਝ ਲੋਕ ਨਾ ਸਿਰਫ਼ ਸਿੱਧੂ ਦੀ ਮੌਤ ਦਾ ਅਪਮਾਨ ਕਰ ਰਹੇ ਹਨ, ਸਗੋਂ ਹੁਣ ਉਸ ਦੀਆਂ ਯਾਦਾਂ ਨੂੰ ਵੀ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਸ ਬੁੱਤ ‘ਤੇ ਗੋਲੀ ਚਲਾਈ ਗਈ ਸੀ, ਉਹ ਸਿਰਫ਼ ਇੱਕ ਪੱਥਰ ਨਹੀਂ ਸੀ, ਸਗੋਂ ਲੋਕਾਂ ਦੇ ਸਿੱਧੂ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਪ੍ਰਤੀਕ ਸੀ।

ਚਰਨ ਕੌਰ ਨੇ ਕਿਹਾ- “ਮੇਰਾ ਪੁੱਤਰ ਲੋਕਾਂ ਦੇ ਹੱਕਾਂ ਦੀ ਆਵਾਜ਼ ਸੀ। ਹੁਣ ਜਦੋਂ ਉਹ ਸਾਡੇ ਵਿਚਕਾਰ ਨਹੀਂ ਹੈ, ਤਾਂ ਵੀ ਉਸ ਨੂੰ ਚੁੱਪ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਹਮਲਾ ਸਾਡੀ ਆਤਮਾ ‘ਤੇ ਜ਼ਖ਼ਮ ਵਾਂਗ ਹੈ। ਪਰ ਮੈਂ ਕਹਿਣਾ ਚਾਹੁੰਦੀ ਹਾਂ ਕਿ ਉਸ ਨੂੰ ਮਿਟਾਇਆ ਨਹੀਂ ਜਾ ਸਕਦਾ। ਉਹ ਇੱਕ ਲਹਿਰ ਸੀ, ਜੋ ਹਮੇਸ਼ਾ ਜ਼ਿੰਦਾ ਰਹੇਗੀ।” ਉਨ੍ਹਾਂ ਇਹ ਵੀ ਕਿਹਾ- “ਸਾਡੀ ਚੁੱਪ ਸਾਡੀ ਹਾਰ ਨਹੀਂ ਹੈ। ਹਰ ਕਿਸੇ ਨੂੰ ਇੱਕ ਦਿਨ ਆਪਣੇ ਕਰਮਾਂ ਦੀ ਸਜ਼ਾ ਜ਼ਰੂਰ ਮਿਲੇਗੀ।”

ਦੱਸ ਦੇਈਏ ਕਿ ਇਹ ਘਟਨਾ ਲਗਭਗ ਤਿੰਨ ਦਿਨ ਪਹਿਲਾਂ ਹਰਿਆਣਾ ਦੇ ਡੱਬਵਾਲੀ ਇਲਾਕੇ ਵਿੱਚ ਵਾਪਰੀ ਸੀ, ਜਿੱਥੇ ਅਣਪਛਾਤੇ ਹਮਲਾਵਰਾਂ ਨੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬੁੱਤ ‘ਤੇ ਗੋਲੀਬਾਰੀ ਕੀਤੀ ਸੀ। ਗੋਲੀਬਾਰੀ ਨਾਲ ਬੁੱਤ ਨੂੰ ਨੁਕਸਾਨ ਪਹੁੰਚਿਆ, ਜਿਸ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ।
ਇਹ ਯਾਦਗਾਰੀ ਸਥਾਨ ਡੱਬਵਾਲੀ ਦੇ ਨੇੜੇ ਸਥਿਤ ਹੈ, ਜਿੱਥੇ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਇਹ ਬੁੱਤ ਸਥਾਪਿਤ ਕੀਤਾ ਗਿਆ ਸੀ। ਹਮਲਾਵਰ ਰਾਤ ਨੂੰ ਆਏ ਅਤੇ ਗੋਲੀਬਾਰੀ ਕਰਨ ਤੋਂ ਬਾਅਦ ਭੱਜ ਗਏ। ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਕਾਰਨ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਿੱਚ ਕਾਫੀ ਗੁੱਸਾ ਹੈ।