ਬਨੂੜ, 22 ਅਗਸਤ
ਡੇਰਾ ਸਿਰਸਾ ਦੇ ਮੁਖੀ ਸਬੰਧੀ 25 ਅਗਸਤ ਨੂੰ ਆਉਣ ਵਾਲੇ ਅਦਾਲਤੀ ਫ਼ੈਸਲੇ ਦੇ ਮੱਦੇਨਜ਼ਰ ਅੱਜ ਬਨੂੜ ਅਤੇ ਰਾਜਪੁਰਾ ਦੀ ਪੁਲੀਸ ਵੱਲੋਂ ਇਸ ਖੇਤਰ ਵਿੱਚ ਸਾਂਝੇ ਤੌਰ ਉੱਤੇ ਫ਼ਲੈਗ ਮਾਰਚ ਕੀਤਾ ਗਿਆ।
ਫ਼ਲੈਗ ਮਾਰਚ ਦੀ ਅਗਵਾਈ ਥਾਣਾ ਬਨੂੜ ਦੇ ਮੁਖੀ ਗੁਰਪ੍ਰੀਤ ਸਿੰਘ ਭਿੰਡਰ ਅਤੇ ਥਾਣਾ ਰਾਜਪੁਰਾ ਸ਼ਹਿਰੀ ਦੇ ਮੁਖੀ ਗੁਰਚਰਨ ਸਿੰਘ ਨੇ ਸਾਂਝੇ ਤੌਰ ’ਤੇ ਕੀਤੀ। ਮਾਰਚ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਕਰਮਚਾਰੀ ਹਾਜ਼ਿਰ ਸਨ ਤੇ ਇਹ ਮਾਰਚ ਰਾਜਪੁਰੇ ਤੋਂ ਆਰੰਭ ਹੋਕੇ ਬਨੂੜ ਬੈਰੀਅਰ ਰਾਹੀਂ ਹੁੰਦਾ ਹੋਇਆ ਸੰਭੂ ਵੱਲ ਨੂੰ ਜਾ ਕੇ ਮੁੜ੍ਹ ਰਾਜਪੁਰਾ ਪਹੁੰਚ ਕੇ ਸਮਾਪਤ ਹੋਇਆ।
ਪੁਲੀਸ ਅਧਿਕਾਰੀਆਂ ਨੇ ਲੋਕਾਂ ਨੂੰ ਅਮਨ ਤੇ ਸਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਚੇਤਾਵਨੀ ਦਿੱਤੀ ਕਿ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਉੱਧਰ ਥਾਣਾ ਬਨੂੜ ਖੇਤਰ ਵਿੱਚ ਪੁਲੀਸ ਵੱਲੋਂ ਪੰਜ ਥਾਵਾਂ ਉੱਤੇ ਨਾਕਾਬੰਦੀ ਕੀਤੀ ਗਈ। ਇਨ੍ਹਾਂ ਨਾਕਿਆਂ ਉੱਤੇ ਚੌਵੀ ਘੰਟੇ ਸੱਤਰ ਦੇ ਕਰੀਬ ਮੁਲਾਜ਼ਮ ਤਾਇਨਾਤ ਰਹਿਣਗੇ। ਇਹ ਨਾਕੇ ਬਨੂੜ ਬੈਰੀਅਰ ਤੋਂ ਇਲਾਵਾ ਧਰਮਗੜ੍ਹ ਟੀ ਪੁਆਇੰਟ, ਬੂਟਾ ਸਿੰਘ ਵਾਲਾ, ਮਾਣਕਪੁਰ ਆਦਿ ਵਿਖੇ ਲਗਾਏ ਗਏ ਹਨ।
ਨਾਕਿਆਂ ਉੱਤੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਥਾਣਾ ਮੁਖੀ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਮੰਗਲਵਾਰ ਤੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਗਾਤਾਰ ਗਸ਼ਤ ਦਾ ਅਮਲ ਵੀ ਆਰੰਭ ਕੀਤਾ ਜਾਵੇਗਾ।
ਇਸੇ ਤਰ੍ਹਾਂ ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਉੱਤੇ ਵੀ ਪੁਲੀਸ ਵੱਲੋਂ ਕਈਂ ਥਾਵਾਂ ਉੱਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਹੈ।