ਪਟਿਆਲਾ, 6 ਸਤੰਬਰ

ਭਰਤੀ ਦੀ ਮੰਗ ਲਈ ਇਥੇ ਪਾਵਰਕੌਮ ਮੁੱਖ ਦਫ਼ਤਰ ਅੱਗੇ ਦੋ ਦਿਨਾਂ ਤੋਂ ਪੱਕਾ ਮੋਰਚਾ ਲਾ ਕੇ ਬੈਠੇ ਅਪ੍ਰੈਂਟਿਸਸ਼ਿਪ ਲਾਈਨਮੈਨ ਯੂਨੀਅਨ ਦੇ ਕਾਰਕੁਨਾਂ ਨੂੰ ਅੱਜ ਪੁਲੀਸ ਨੇ ਖਦੇੜ ਦਿੱਤਾ ਜਿਸ ਮਗਰੋਂ ਇਨ੍ਹਾਂ ਵਿਚੋਂ ਦਸ ਜਣੇ ਸ਼ਕਤੀ ਵਿਹਾਰ ਦੇ ਟਾਵਰ ’ਤੇ ਜਾ ਚੜ੍ਹੇ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਉਨ੍ਹਾਂ ’ਤੇ ਲਾਠੀਚਾਰਜ ਕੀਤਾ ਜਦਕਿ ਪੁਲੀਸ ਨੇ ਅਜਿਹੇ ਦੋਸ਼ ਨਕਾਰੇ ਹਨ।

ਇਸ ਤੋਂ ਪਹਿਲਾਂ ਯੂਨੀਅਨ ਆਗੂਆਂ ਦੀ ਪਾਵਰਕੌਮ ਦੇ ਪ੍ਰਬੰਧਕੀ ਡਾਇਰੈਕਟਰ ਜਸਵੀਰ ਸਿੰਘ ਢਿੱਲੋਂ ਨਾਲ ਮੀਟਿੰਗ ਵੀ ਹੋਈ ਜੋ ਬੇਸਿੱਟਾ ਰਹੀ। ਇਸ ਤੋਂ ਖਫ਼ਾ ਹੋ ਕੇ ਬੇਰੁਜ਼ਗਾਰ ਨੌਜਵਾਨਾਂ ਨੇ ਪਾਵਰਕੌਮ ਦਫਤਰ ਮੂਹਰਲੀ ਸੜਕ ਰੋਕਣ ਦਾ ਯਤਨ ਕੀਤਾ ਪਰ ਪਹਿਲਾਂ ਤੋਂ ਹੀ ਤਾਇਨਾਤ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਨੌਜਵਾਨਾਂ ਤੇ ਪੁਲੀਸ ਦਰਮਿਆਨ ਧੱਕਾਮੁੱਕੀ ਵੀ ਹੋਈ ਤੇ ਫੇਰ ਪੁਲੀਸ ਨੇ ਉਨ੍ਹਾਂ ਨੂੰ ਖਦੇੜ ਦਿੱਤਾ। ਇਸ ਖਿੱਚਧੂਹ ਦੌਰਾਨ ਕੁਝ ਨੌਜਵਾਨ ਜ਼ਖ਼ਮੀ ਹੋ ਗਏ। ਇਸ ਮੌਕੇ ਕਈ ਨੌਜਵਾਨਾਂ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ ਤੇ ਇਥੋਂ ਦੂਰ ਲਿਜਾ ਕੇ ਛੱਡ ਦਿੱਤਾ। ਇਸ ਦੌਰਾਨ ਪੁਲੀਸ ਨੇ ਪੱਕੇ ਮੋਰਚੇ ਵਾਲੀ ਥਾਂ ਲਾਇਆ ਤੰਬੂ ਵੀ ਉਖਾੜ ਦਿੱਤਾ। ਉਧਰ ਯੂਨੀਅਨ ਆਗੂਆਂ ਨੇ ਪੁਲੀਸ ’ਤੇ ਲਾਠੀਚਾਰਜ ਕਰਨ ਸਮੇਤ ਉਨ੍ਹਾਂ ਦਾ ਟੈਂਟ, ਗੱਦੇ ਅਤੇ ਹੋਰ ਸਾਮਾਨ ਜ਼ਬਤ ਕਰਨ ਦੇ ਦੋਸ਼ ਵੀ ਲਾਏ। ਉਧਰ ਇਸ ਮੌਕੇ ਪੁਲੀਸ ਫੋਰਸ ਦੀ ਅਗਵਾਈ ਕਰ ਰਹੇ ਡੀਐਸਪੀ ਸੰਜੀਵ ਸ਼ਰਮਾ ਨੇ ਲਾਠੀਚਾਰਜ ਦੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਇਨ੍ਹਾਂ ਨੌਜਵਾਨਾਂ ’ਤੇ ਪੁਲੀਸ ਨਾਲ ਧੱਕਾਮੁੱਕੀ ਕਰਨ ਦੇ ਦੋਸ਼ ਲਾਏ।