ਲਾਹੌਰ, 25 ਅਗਸਤ

ਪਾਕਿਸਤਾਨ ਦੀ ਇਕ ਅਦਾਲਤ ਨੇ ਲਾਹੌਰ ਦੇ ਕੋਰ ਕਮਾਂਡਰ ਦੇ ਘਰ ਜਿਸ ਨੂੰ ਕਿ ਜਿਨਾਹ ਹਾਊਸ ਵਜੋਂ ਵੀ ਜਾਣਿਆ ਜਾਂਦਾ ਹੈ, ਵਿੱਚ 9 ਮਈ ਨੂੰ ਹੋਈ ਭੰਨ੍ਹਤੋੜ ਤੇ ਅੱਗਜ਼ਨੀ ਦੀ ਘਟਨਾ ਦੇ ਸਬੰਧ ਵਿੱਚ ਪੁਲੀਸ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਕੋਲੋਂ ਪੁੱਛਗਿਛ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਇਸ ਮਹੀਨੇ ਦੇ ਸ਼ੁਰੂ ਵਿੱਚ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਚੇਅਰਮੈਨ ਇਮਰਾਨ ਖਾਨ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਸੀ ਤੇ ਇਸ ਵੇਲੇ ਉਹ ਪੰਜਾਬ ਪ੍ਰਾਂਤ ਦੀ ਅਟਕ ਜੇਲ੍ਹ ਵਿੱਚ ਬੰਦ ਹਨ। ‘ਦਿ ਐਕਸਪ੍ਰੈੱਸ’ ਟ੍ਰਿਬਿਊਨ ਵਿੱਚ ਅੱਜ ਛਪੀ ਖ਼ਬਰ ਮੁਤਾਬਕ ਲਾਹੌਰ ਦੀ ਅਤਿਵਾਦ ਵਿਰੋਧੀ ਅਦਾਲਤ (ਏਟੀਸੀ) ਨੇ ਲਾਹੌਰ ਪੁਲੀਸ ਜਾਂਚ ਮੁਖੀ ਵੱਲੋਂ ਦਾਇਰ ਪਟੀਸ਼ਨ ਦੇ ਜਵਾਬ ਵਿੱਚ 9 ਮਈ ਨੂੰ ਜਿਨਾਹ ਹਾਊਸ ਵਿੱਚ ਹੋਈ ਭੰਨ੍ਹਤੋੜ ਤੇ ਅੱਗਜ਼ਨੀ ਦੀ ਘਟਨਾ ਦੇ ਸਬੰਧ ਵਿੱਚ ੲਿਮਰਾਨ ਖਾਨ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਕੋਲੋਂ ਪੁੱਛਗਿਛ ਕਰਨ ਦੇ ਹੁਕਮ ਜਾਰੀ ਕੀਤੇ ਹਨ।