ਨਵੀਂ ਦਿੱਲੀ, 20 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੇਂ ਸੰਸਦ ਭਵਨ ਦੀ ਕਾਰਵਾਈ ਦੀ ਸ਼ੁਰੂਆਤ ਨੂੰ ਆਜ਼ਾਦੀ ਦੇ ਅੰਮ੍ਰਿਤ ਕਾਲ ਦੀ ਸਵੇਰ ਕਰਾਰ ਦਿੱਤਾ ਅਤੇ ਕਿਹਾ ਕਿ ਜਦੋਂ ਉਹ ਨਵੇਂ ਦੌਰ ਦੀ ਸ਼ੁਰੂਆਤ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਅਤੀਤ ਦੀਆਂ ਸਾਰੀਆਂ ਕੁੜੱਤਣਾਂ ਨੂੰ ਭੁੱਲ ਜਾਣਾ ਚਾਹੀਦਾ ਹੈ। ਨਵੇਂ ਸੰਸਦ ਭਵਨ ਸਥਿਤ ਲੋਕ ਸਭਾ ’ਚ ਆਪਣੇ ਪਹਿਲੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਸਦ ਦਾ ਨਵਾਂ ਭਵਨ 140 ਕਰੋੜ ਭਾਰਤੀਆਂ ਦੀਆਂ ਆਸਾਂ ਦੀ ਨੁਮਾਇੰਦਗੀ ਕਰਦਾ ਹੈ। ਉਨ੍ਹਾਂ ਕਿਹਾ, ‘ਪਹਿਲੇ ਸੈਸ਼ਨ ਦੇ ਪਹਿਲਾ ਦਿਨ ਦਾ ਇਹ ਮੌਕਾ ਕਈ ਮਾਇਨਿਆਂ ਤੋਂ ਖਾਸ ਹੈ। ਇਹ ਆਜ਼ਾਦੀ ਦੇ ਅੰਮ੍ਰਿਤ ਕਾਲ ਦੀ ਸਵੇਰ ਹੈ। ਭਾਰਤ ਕਈ ਸਿੱਧੀਆਂ ਨਾਲ ਨਵੇਂ ਸੰਕਲਪ ਲੈ ਕੇ, ਨਵੇਂ ਭਵਨ ’ਚ ਆਪਣਾ ਭਵਿੱਖ ਤੈਅ ਕਰਨ ਲਈ ਅੱਗੇ ਵੱਧ ਰਿਹਾ ਹੈ।’ ਉਨ੍ਹਾਂ ਕਿਹਾ, ‘ਜਦੋਂ ਅਸੀਂ ਨਵੇਂ ਦੌਰ ਦੀ ਸ਼ੁਰੂਆਤ ਕਰ ਰਹੇ ਹਾਂ ਤਾਂ ਸਾਨੂੰ ਅਤੀਤ ਦੀਆਂ ਸਾਰੀਆਂ ਕੁੜੱਤਣਾਂ ਨੂੰ ਭੁੱਲ ਜਾਣਾ ਚਾਹੀਦਾ ਹੈ। ਇਸ ਭਾਵਨਾ ਨਾਲ ਕਿ ਅਸੀਂ ਇੱਥੋਂ ਸਾਡੇ ਆਚਰਨ, ਸਾਡੀ ਬੋਲ-ਬਾਣੀ, ਸਾਡੇ ਸੰਕਲਪਾਂ ਨਾਲ ਜੋ ਵੀ ਕਰਾਂਗੇ, ਉਹ ਦੇਸ਼ ਲਈ ਤੇ ਦੇਸ਼ ਦੇ ਹਰ ਨਾਗਰਿਕ ਲਈ ਪ੍ਰੇਰਨਾ ਬਣਨਾ ਚਾਹੀਦਾ ਹੈ। ਸਾਨੂੰ ਇਹ ਜ਼ਿੰਮੇਵਾਰੀ ਨਿਭਾਉਣ ਲਈ ਪੂਰੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ।’
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਮੰਤਰੀਆਂ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ ਤੇ ਹੋਰਾਂ ਨਾਲ ਸੰਸਦ ਦੀ ਪੁਰਾਣੀ ਇਮਾਰਤ ’ਚੋਂ ਨਿਕਲ ਕੇ ਨਵੇਂ ਸੰਸਦ ਭਵਨ ’ਚ ਪਹੁੰਚੇ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਾਰਵਾਈ ਦੇ ਪਹਿਲੇ ਦਿਨ ਦੀ ਸ਼ੁਰੂਆਤ ਕਰਦਿਆਂ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੇ ਮੁੱਦੇ ਚੁੱਕ ਕੇ ਸੰਸਦੀ ਬਹਿਸ ਦਾ ਨਵਾਂ ਮਾਪਦੰਡ ਸਥਾਪਤ ਕਰਨ। ਉਨ੍ਹਾਂ ਸੰਸਦ ਮੈਂਬਰਾਂ ਨੂੰ ਗਣੇਸ਼ ਚਤੁਰਥੀ ਦੀਆਂ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਅਤੇ ਨਵੇਂ ਸੰਸਦ ਭਵਨ ਦੇ ਨਿਰਮਾਣ ਦੀ ਪਹਿਲ ਨੂੰ ਇੱਕ ਇਤਿਹਾਸਕ ਘਟਨਾ ਕਰਾਰ ਦਿੱਤਾ। ਬਿਰਲਾ ਨੇ ਉਨ੍ਹਾਂ ਆਗੂਆਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਨੇ ਦੇਸ਼ ਨਿਰਮਾਣ ’ਚ ਆਪਣਾ ਯੋਗਦਾਨ ਪਾਇਆ ਅਤੇ ਭਾਰਤ ਨੂੰ ਆਪਣਾ ਸੰਵਿਧਾਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ 28 ਮਈ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਸੀ। ਇਸ ਭਵਨ ’ਚ ਵੈਦਿਕ ਕਾਲ ਤੋਂ ਲੈ ਕੇ ਅੱਜ ਤੱਕ ਦੀਆਂ ਭਾਰਤ ਦੀਆਂ ਜਮਹੂਰੀ ਰਵਾਇਤਾਂ ਦਾ ਜ਼ਿਕਰ ਕਰਨ ਵਾਲੀਆਂ ਕਲਾਕ੍ਰਿਤੀਆਂ ਸਥਾਪਤ ਕੀਤੀਆਂ ਗਈਆਂ ਹਨ।