ਬਰਮਿੰਘਮ,
ਰਾਸ਼ਟਰਮੰਡਲ ਖੇਡਾਂ ਦੇ ਅੱਜ ਇੱਥੇ ਹੋਏ ਪੂਲ ਬੀ ਦੇ ਪੁਰਸ਼ਾਂ ਦੇ ਹਾਕੀ ਮੁਕਾਬਲੇ ਵਿਚ ਭਾਰਤ ਨੇ ਘਾਨਾ ਨੂੰ 11-0 ਨਾਲ ਮਾਤ ਦੇ ਦਿੱਤੀ। ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਅਭਿਸ਼ੇਕ ਨੇ ਸ਼ੁਰੂਆਤੀ ਮਿੰਟ ਵਿਚ ਹੀ ਗੋਲ ਦਾਗ ਦਿੱਤਾ। ਇਸ ਤੋਂ ਬਾਅਦ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਤਬਦੀਲ ਕੀਤਾ। ਅਭਿਸ਼ੇਕ ਤੇ ਸ਼ਮਸ਼ੇਰ ਨੇ ਬਿਹਤਰ ਤਾਲਮੇਲ ਰਾਹੀਂ ਤੀਜਾ ਗੋਲ ਕੀਤਾ। ਦੂਜੇ ਕੁਆਰਟਰ ਵਿਚ ਅਕਾਸ਼ਦੀਪ ਸਿੰਘ ਦੇ ਜੁਗਰਾਜ ਸਿੰਘ ਨੇ ਗੋਲ ਦਾਗੇ। ਹਰਮਨਪ੍ਰੀਤ ਨੇ ਤੀਜੇ ਕੁਆਰਟਰ ਵਿਚ ਦੂਜਾ ਗੋਲ ਕੀਤਾ। ਜੁਗਰਾਜ ਨੇ ਵੀ ਮੈਚ ਦੌਰਾਨ ਦੂਜਾ ਗੋਲ ਦਾਗਿਆ। ਮਨਦੀਪ ਸਿੰਘ ਨੇ ਭਾਰਤ ਵੱਲੋਂ 10ਵਾਂ ਗੋਲ ਕੀਤਾ। ਭਾਰਤ ਵਾਲੇ ਪੂਲ ਵਿਚ ਕੈਨੇਡਾ, ਇੰਗਲੈਂਡ ਤੇ ਵੇਲਜ਼ ਵੀ ਹਨ। ਇਸ ਤੋਂ ਪਹਿਲਾਂ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਵੇਲਜ਼ ਨੂੰ 3-1 ਨਾਲ ਹਰਾ ਕੇ ਰਾਸ਼ਟਰਮੰਡਲ ਖੇਡਾਂ ਵਿਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਭਾਰਤ ਪੂਲ ਏ ਵਿਚ ਚੋਟੀ ਉਤੇ ਪਹੁੰਚ ਗਿਆ ਹੈ। ਦੋ ਮੈਚਾਂ ਤੋਂ ਭਾਰਤ ਦੇ ਛੇ ਅੰਕ ਹੋ ਗਏ ਹਨ। ਭਾਰਤ ਵੱਲੋਂ ਵੰਦਨਾ ਕਟਾਰੀਆ ਨੇ 26ਵੇਂ ਤੇ 48ਵੇਂ ਮਿੰਟ ਵਿਚ ਗੋਲ ਕੀਤਾ। ਜਦਕਿ ਗੁਰਜੀਤ ਕੌਰ ਨੇ ਤੀਜਾ ਗੋਲ 28ਵੇਂ ਮਿੰਟ ਵਿਚ ਕੀਤਾ। ਵੇਲਜ਼ ਵੱਲੋਂ ਇਕੋ-ਇਕ ਗੋਲ ਜ਼ੇਨਾ ਹਿਊਗਜ਼ ਨੇ 45ਵੇਂ ਮਿੰਟ ਵਿਚ ਕੀਤਾ। ਭਾਰਤੀ ਪੁਰਸ਼ ਹਾਕੀ ਟੀਮ ਦਾ ਉਲੰਪਿਕਸ ਵਿਚ ਵੀ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ। ਇਸ ਵਾਰ ਵੀ ਭਾਰਤੀ ਟੀਮ ਤੋਂ ਵੱਡੀਆਂ ਆਸਾਂ ਹਨ। ਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਟੀਮ ਲਗਾਤਾਰ ਚੰਗਾ ਖੇਡ ਰਹੀ ਹੈ।