ਮੁੰਬਈ, 23 ਜਨਵਰੀ
ਭਾਰਤ ਦੀ ਸਟਾਰ ਮਹਿਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ ਆਪਣੇ ਪੁਰਸ਼ ਹਮਰੁਤਬਾ ਖਿਡਾਰੀਆਂ ਦੇ ਮੁਕਾਬਲੇ ਘੱਟ ਤਨਖ਼ਾਹ ਤੋਂ ਪ੍ਰੇਸ਼ਾਨ ਨਹੀਂ ਕਿਉਂਕਿ ਉਸ ਦਾ ਮੰਨਣਾ ਹੈ ਇਸ ਖੇਡ ਨੂੰ ਕਮਾਈ ਪੁਰਸ਼ ਕ੍ਰਿਕਟ ਰਾਹੀਂ ਹੁੰਦੀ ਹੈ। ਆਈਸੀਸੀ ਦੀ ਸਾਲ ਦੀ ਸਰਵੋਤਮ ਮਹਿਲਾ ਕ੍ਰਿਕਟਰ ਮੰਧਾਨਾ ਨੇ ਅੱਜ ਇੱਥੇ ਇੱਕ ਪ੍ਰਚਾਰ ਪ੍ਰੋਗਰਾਮ ਦੌਰਾਨ ਬਰਾਬਰ ਤਨਖ਼ਾਹ ਦੇ ਵਿਵਾਦਮਈ ਮੁੱਦੇ ਬਾਰੇ ਗੱਲ ਕੀਤੀ। ਬੀਸੀਸੀਆਈ ਦੇ ਕੇਂਦਰੀ ਸਮਝੌਤੇ ਦੇ ਸੀਨੀਅਰ ਵਰਗ ਵਿੱਚ ਸ਼ਾਮਲ ਪੁਰਸ਼ ਕ੍ਰਿਕਟਰਾਂ ਨੂੰ ਸਾਲਾਨਾ ਤਨਖ਼ਾਹ ਵਜੋਂ ਸੱਤ ਕਰੋੜ ਰੁਪਏ ਮਿਲਦੇ ਹਨ, ਜਦਕਿ ਸੀਨੀਅਰ ਵਰਗ ਦੀਆਂ ਮਹਿਲਾ ਕ੍ਰਿਕਟਰਾਂ ਨੂੰ ਸਾਲਾਨਾ ਜ਼ਿਆਦਾਤਰ 50 ਲੱਖ ਰੁਪਏ ਦਾ ਭੁਗਤਾਨ ਕੀਤਾ ਜਾਂਦਾ ਹੈ।
ਉਸ ਨੇ ਕਿਹਾ, ‘‘ਮੈਨੂੰ ਨਹੀਂ ਲਗਦਾ ਕਿ ਟੀਮ ਦੀ ਕੋਈ ਸਾਥੀ ਖਿਡਾਰਨ ਇਸ ਫ਼ਰਕ ਬਾਰੇ ਸੋਚਦੀ ਹੈ ਕਿਉਂਕਿ ਇਸ ਸਮੇਂ ਸਾਡਾ ਧਿਆਨ ਸਿਰਫ਼ ਭਾਰਤ ਲਈ ਮੈਚ ਜਿੱਤਣ, ਦਰਸ਼ਕਾਂ ਨੂੰ ਮੈਦਾਨ ਤੱਕ ਖਿੱਚਣ, ਮਾਲੀਆ ਇਕੱਤਰ ਕਰਨ ’ਤੇ ਹੈ। ਸਾਡਾ ਟੀਚਾ ਇਹੀ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਬਾਕੀ ਸਾਰੀਆਂ ਚੀਜ਼ਾਂ ਠੀਕ ਹੋ ਜਾਣਗੀਆਂ।’’ ਮੰਧਾਨਾ ਨੇ ਕਿਹਾ, ‘‘ਅਤੇ ਇਸ ਦੇ ਲਈ ਪ੍ਰਦਰਸ਼ਨ ਕਰਨਾ ਹੋਵੇਗਾ। ਸਾਡੇ ਵੱਲੋਂ ਇਹ ਕਹਿਣਾ ਕਿ ਸਾਨੂੰ ਬਰਾਬਰ ਤਨਖ਼ਾਹ ਦੀ ਲੋੜ ਹੈ, ਇਹ ਸਹੀ ਨਹੀਂ ਹੈ। ਇਸ ਲਈ ਮੈਨੂੰ ਨਹੀਂ ਲਗਦਾ ਕਿ ਇਸ ਫ਼ਰਕ ਬਾਰੇ ਮੈਂ ਕੋਈ ਟਿੱਪਣੀ ਕਰਨੀ ਚਾਹੁੰਦੀ ਹਾਂ।’’
ਭਾਰਤ ਵਿਸ਼ਵ ਟੀ-20 ਕੱਪ ਤੋਂ ਪਹਿਲਾਂ ਆਸਟਰੇਲੀਆ ਵਿੱਚ ਤਿਕੋਣੀ ਲੜੀ ਖੇਡੇਗਾ ਅਤੇ ਮੰਧਾਨਾ ਦਾ ਮੰਨਣਾ ਹੈ ਕਿ ਇਸ ਟੂਰਨਾਮੈਂਟ ਵਿੱਚ ਖੇਡਣ ਨਾਲ ਰਣਨੀਤੀ ਘੜਨ ਅਤੇ ਸੰਤੁਲਨ ਟੀਮ ਬਣਾਉਣ ’ਚ ਮਦਦ ਮਿਲੇਗੀ। ਟੀ-20 ਵਿਸ਼ਵ ਕੱਪ ਅਗਲੇ ਮਹੀਨੇ ਆਸਟਰੇਲੀਆ ਵਿੱਚ ਸ਼ੁਰੂ ਹੋਵੇਗਾ, ਪਰ ਇਸ ਤੋਂ ਪਹਿਲਾਂ ਭਾਰਤ ਇਸੇ ਦੇਸ਼ ਵਿੱਚ ਮੇਜ਼ਬਾਨ ਟੀਮ ਅਤੇ ਇੰਗਲੈਂਡ ਖ਼ਿਲਾਫ਼ ਤਿਕੋੜੀ ਲੜੀ ਖੇਡੇਗਾ।