ਨਵੀ ਦਿੱਲੀ : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੋ ਦਿਨਾਂ ਭਾਰਤ ਦੌਰੇ ‘ਤੇ 4-5 ਦਸੰਬਰ ਨੂੰ ਭਾਰਤ ਆਉਣ ਵਾਲੇ ਹਨ। ਪੁਤਿਨ ਦੀ ਇਸ ਫੇਰੀ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪੁਤਿਨ ਦੇ ਦੌਰੇ ਤੋਂ ਪਹਿਲਾਂ, ਰੂਸੀ ਸੰਸਦ ਦੇ ਹੇਠਲੇ ਸਦਨ, ਡੂਮਾ ਨੇ ਭਾਰਤ ਨਾਲ ਇੱਕ ਮਹੱਤਵਪੂਰਨ ਫੌਜੀ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੂਸੀ ਸੰਸਦ ਵੱਲੋਂ ਇਹ ਪ੍ਰਵਾਨਗੀ ਇਸ ਸਾਲ ਫਰਵਰੀ ਵਿੱਚ ਦੋਵਾਂ ਸਰਕਾਰਾਂ ਵਿਚਕਾਰ ਫੌਜੀ ਸਾਜ਼ੋ-ਸਾਮਾਨ ਦੇ ਆਪਸੀ ਆਦਾਨ-ਪ੍ਰਦਾਨ ‘ਤੇ ਇੱਕ ਸਮਝੌਤੇ ‘ਤੇ ਦਸਤਖਤ ਕੀਤੇ ਜਾਣ ਤੋਂ ਬਾਅਦ ਮਿਲੀ ਹੈ।

ਦੱਸ ਦਈਏ ਕਿ ਰੂਸੀ ਸੰਸਦ ਦੇ ਹੇਠਲੇ ਸਦਨ ‘ਡੂਮਾ’ ਨੇ ਭਾਰਤ ਅਤੇ ਰੂਸ ਵਿਚਕਾਰ “RELOS” ਫੌਜੀ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੂੰ ਇੱਕ ਦੂਜੇ ਦੇ ਫੌਜੀ ਠਿਕਾਣਿਆਂ, ਸਹੂਲਤਾਂ ਅਤੇ ਸਰੋਤਾਂ ਦੀ ਵਰਤੋਂ ਅਤੇ ਆਦਾਨ-ਪ੍ਰਦਾਨ ਕਰਨ ਦੀ ਆਗਿਆ ਦੇਵੇਗਾ।ਪਿਛਲੇ ਹਫ਼ਤੇ, ਰੂਸੀ ਪ੍ਰਧਾਨ ਮੰਤਰੀ ਨੇ ਫੌਜੀ ਸਮਝੌਤੇ ਨੂੰ ਪ੍ਰਵਾਨਗੀ ਲਈ ਡੂਮਾ ਨੂੰ ਭੇਜਿਆ ਸੀ। ਸਮਝੌਤੇ ਦੀ ਪ੍ਰਵਾਨਗੀ ਨਾਲ, ਰੂਸ ਅਤੇ ਭਾਰਤ ਦੇ ਜਹਾਜ਼ਾਂ ਅਤੇ ਜੰਗੀ ਜਹਾਜ਼ਾਂ ਨੂੰ ਦੋਵਾਂ ਦੇਸ਼ਾਂ ਦੇ ਹਵਾਈ ਖੇਤਰ ਅਤੇ ਬੰਦਰਗਾਹਾਂ ਦੀ ਵਰਤੋਂ ਕਰਨ ਦੀ ਸਹੂਲਤ ਮਿਲੇਗੀ।

ਰੂਸੀ ਸੰਸਦ ਦੇ ਹੇਠਲੇ ਸਦਨ, ਡੂਮਾ ਦੇ ਚੇਅਰਮੈਨ ਵਿਆਚੇਸਲਾਵ ਵੋਲੋਡਿਨ ਨੇ ਇੱਕ ਪੂਰਨ ਸੈਸ਼ਨ ਵਿੱਚ ਕਿਹਾ, “ਭਾਰਤ ਨਾਲ ਸਾਡੇ ਸਬੰਧ ਰਣਨੀਤਕ ਅਤੇ ਵਿਆਪਕ ਹਨ। ਅਸੀਂ ਇਨ੍ਹਾਂ ਸੰਬੰਧਾਂ ਦੀ ਕਦਰ ਕਰਦੇ ਹਾਂ। ਸਾਡਾ ਮੰਨਣਾ ਹੈ ਕਿ ਸਮਝੌਤੇ ਦੀ ਪ੍ਰਵਾਨਗੀ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।”

ਭਾਰਤ ਅਤੇ ਰੂਸ ਵਿਚਕਾਰ ਇਹ ਸਮਝੌਤਾ ਕਈ ਤਰੀਕਿਆਂ ਨਾਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਸਮਝੌਤੇ ਵਿੱਚ ਇਹ ਦੱਸਿਆ ਗਿਆ ਹੈ ਕਿ ਭਾਰਤੀ ਅਤੇ ਰੂਸੀ ਫੌਜਾਂ ਦਾ ਤਾਲਮੇਲ ਕਿਵੇਂ ਕੀਤਾ ਜਾਵੇਗਾ, ਫੌਜੀ ਜਹਾਜ਼ ਅਤੇ ਜੰਗੀ ਜਹਾਜ਼ ਕਿਵੇਂ ਤਾਇਨਾਤ ਕੀਤੇ ਜਾਣਗੇ, ਅਤੇ ਦੋਵਾਂ ਦੇਸ਼ਾਂ ਵਿਚਕਾਰ ਫੌਜੀ ਉਪਕਰਣਾਂ ਦਾ ਤਬਾਦਲਾ ਕਿਵੇਂ ਕੀਤਾ ਜਾਵੇਗਾ। ਇਹ ਸਮਝੌਤਾ ਸਿਰਫ਼ ਫੌਜਾਂ ਅਤੇ ਫੌਜੀ ਉਪਕਰਣਾਂ ਦੀ ਤਾਇਨਾਤੀ ਤੱਕ ਸੀਮਿਤ ਨਹੀਂ ਹੈ, ਸਗੋਂ ਲੌਜਿਸਟਿਕਸ ਨਾਲ ਸਬੰਧਤ ਪ੍ਰਬੰਧਾਂ ਨੂੰ ਵੀ ਨਿਰਧਾਰਤ ਕਰਦਾ ਹੈ। ਇਸ ਸਮਝੌਤੇ ਤੋਂ ਬਾਅਦ, ਭਾਰਤ ਅਮਰੀਕਾ ਅਤੇ ਰੂਸ ਨਾਲ ਫੌਜੀ ਬੁਨਿਆਦੀ ਢਾਂਚੇ ਨੂੰ ਸਾਂਝਾ ਕਰਨ ਦਾ ਸਮਝੌਤਾ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।