ਜੰਮੂ/ਸ੍ਰੀਨਗਰ, 15 ਅਕਤੂਬਰ

ਜੰਮੂ -ਕਸ਼ਮੀਰ ਦੇ ਪੁਣਛ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਹੋਏ ਮੁਕਾਬਲੇ ’ਚ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਸਮੇਤ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਅਧਿਕਾਰੀਆਂ ਅਨੁਸਾਰ, ਮੇਂਢਰ ਡਿਵੀਜ਼ਨ ਦੇ ਨਾਰ ਖਾਸ ਜੰਗਲ ਖੇਤਰ ਵਿੱਚ ਵੀਰਵਾਰ ਸ਼ਾਮ ਨੂੰ ਅਤਿਵਾਦ ਵਿਰੋਧੀ ਕਾਰਵਾਈ ਵਿੱਚ ਜੇਸੀਓ ਅਤੇ ਜਵਾਨ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਅਜੇ ਜਾਰੀ ਹੈ। ਜਵਾਨ ਦੀ ਲਾਸ਼ ਨੂੰ ਮੌਕੇ ਤੋਂ ਬਰਾਮਦ ਕਰ ਲਿਆ ਹੈ ਜਦ ਕਿ ਜੇਸੀਓ ਦੀ ਲਾਸ਼ ਨੂੰ ਕੱਢਿਆ ਜਾਣਾ ਹੈ। ਪਹਾੜੀ ਤੇ ਜੰਗਲੀ ਇਲਾਕਾ ਹੋਣ ਕਾਰਨ ਮੁਸ਼ਕਲ ਆ ਰਹੀ ਹੈ।

ਇਸੇ ਦੌਰਾਨ ਸ੍ਰੀਨਗਰ ਵਿਚ ਹਾਲ ਹੀ ਲੋਕਾਂ ਦੀਆਂ ਹੱਤਿਆਵਾਂ ’ਚ ਸ਼ਾਮਲ ਰਿਹਾ ਇਕ ਅਤਿਵਾਦੀ ਅੱਜ ਪੁਲਵਾਮਾ ’ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਹਲਾਕ ਹੋ ਗਿਆ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਪੁਲਵਾਮਾ ਵਿਚ ਵਾਹੀਬਾਗ ਇਲਾਕੇ ’ਚ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ ਅਤੇ ਉਸ ਤੋਂ ਬਾਅਦ ਪੁਲੀਸ ਨੇ ਇਲਾਕੇ ਨੂੰ ਘੇਰ ਲਿਆ ਤੇ ਤਲਾਸ਼ੀ ਮੁਹਿੰਮ ਆਰੰਭੀ। ਇਹ ਤਲਾਸ਼ੀ ਮੁਹਿੰਮ ਮੁਕਾਬਲੇ ਵਿਚ ਤਬਦੀਲ ਹੋ ਗਈ, ਜਿਸ ਵਿਚ ਇਕ ਅਤਿਵਾਦੀ ਮਾਰਿਆ ਗਿਆ। ਕਸ਼ਮੀਰ ਪੁਲੀਸ ਦੇ ਆਈਜੀ ਵਿਜੈ ਕੁਮਾਰ ਨੇ ਟਵੀਟ ਕੀਤਾ, ‘‘ਹਾਲ ਹੀ ਵਿਚ ਲੋਕਾਂ ਦੀਆਂ ਹੱਤਿਆਵਾਂ ’ਚ ਸ਼ਾਮਲ ਰਿਹਾ ਇਕ ਅਤਿਵਾਦੀ ਪੁਲਵਾਮਾ ਵਿਚ ਮੁਕਾਬਲੇ ’ਚ ਮਾਰਿਆ ਗਿਆ ਹੈ।’’