ਪੁਣਛ/ਜੰਮੂ, 24 ਅਪਰੈਲ
ਜੰਮੂ ਕਸ਼ਮੀਰ ਦੇ ਪੁਣਛ ਵਿੱਚ ਅਤਿਵਾਦੀ ਹਮਲੇ ’ਚ ਸਾਜ਼ਿਸ਼ਘਾੜਿਆਂ ਦੀ ਪੈੜ ਨੱਪਣ ਲਈ ਚਲਾਏ ਜਾ ਰਹੇ ਵੱਡੇ ਆਪਰੇਸ਼ਨ ਤਹਿਤ 40 ਤੋਂ ਵੱਧ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਬਾਟਾ ਡੋਰੀਆ-ਤੋਤਾ ਗਲੀ ਅਤੇ ਗੁਆਂਢੀ ਇਲਾਕਿਆਂ ਵਿੱਚ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾ ਰਹੀ ਹੈ ਅਤੇ ਇਸ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਅੱਜ ਤਲਾਸ਼ੀ ਮੁਹਿੰਮ ਦੇ ਚੌਥੇ ਦਿਨ ਕਈ ਸੁਰੱਖਿਆ ਏਜੰਸੀਆਂ ਦੇ ਸ਼ਾਮਲ ਹੋਣ ਨਾਲ ਪੂਰੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਚੇਤੇ ਰਹੇ ਕਿ ਸਰਹੱਦੀ ਖੇਤਰ ਵਿੱਚ ਤਾਇਨਾਤ ਰਾਸ਼ਟਰੀ ਰਾਈਫਲਜ਼ ਦੇ ਯੂਨਿਟ ਦੇ ਟਰੱਕ ’ਤੇ ਘਾਤ ਲਾ ਕੇ ਹਮਲਾ ਕੀਤਾ ਗਿਆ ਸੀ। ਇਸ ਦਹਿਸ਼ਤੀ ਹਮਲੇ ਵਿੱਚ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ਵਿੱਚ ਚਾਰ ਪੰਜਾਬ ਨਾਲ ਸਬੰਧਿਤ ਸਨ।