ਸਿੰਗਾਪੁਰ, 11 ਅਪਰੈਲ
ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ, ਸਾਇਨਾ ਨੇਹਵਾਲ ਅਤੇ ਕਿਦੰਬੀ ਸ੍ਰੀਕਾਂਤ ਨੇ ਅੱਜ ਇੱਥੇ ਸਿੰਗਲਜ਼ ਵਿੱਚ ਆਪੋ-ਆਪਣੇ ਵਿਰੋਧੀਆਂ ’ਤੇ ਸਿੱਧੇ ਸੈੱਟਾਂ ਵਿੱਚ ਜਿੱਤ ਹਾਸਲ ਕਰਕੇ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ। ਕੋਰਟ ’ਤੇ ਸਭ ਤੋਂ ਪਹਿਲਾਂ ਉਤਰੀ ਚੌਥਾ ਦਰਜਾ ਪ੍ਰਾਪਤ ਪੀਵੀ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਇੱਕਪਾਸੜ ਮੁਕਾਬਲੇ ਵਿੱਚ ਇੰਡੋਨੇਸ਼ੀਆ ਦੀ ਲੈਨੀ ਅਲੈਕਸਾਂਦਰਾ ਮੈਨਾਕੀ ਨੂੰ ਸਿਰਫ਼ 27 ਮਿੰਟ ਵਿੱਚ 21-9, 21-7 ਨਾਲ ਸ਼ਿਕਸਤ ਦਿੱਤੀ।
ਰੀਓ ਓਲੰਪਿਕ ਦੀ ਚਾਂਦੀ ਦਾ ਤਗ਼ਮਾ ਜੇਤੂ ਅਗਲੇ ਗੇੜ ਵਿੱਚ ਡੈੱਨਮਾਰਕ ਦੀ ਮਿਆ ਬਲਿਸ਼ਫੈਲਟ ਨਾਲ ਭਿੜੇਗੀ। ਇਸ ਤੋਂ ਬਾਅਦ ਛੇਵਾਂ ਦਰਜਾ ਪ੍ਰਾਪਤ ਸਾਇਨਾ ਨੇ ਇੱਕ ਹੋਰ ਇੰਡੋਨੇਸ਼ਿਆਈ ਖਿਡਾਰਨ ਯੂਲੀਆ ਯੋਸੇਫਿਨ ਸੁਸਾਂਤੋ ਦੀ ਚੁਣੌਤੀ 21-16, 21-11 ਦੀ ਜਿੱਤ ਨਾਲ ਖ਼ਤਮ ਕਰ ਦਿੱਤੀ। ਸਾਲ 2012 ਲੰਡਨ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਸਾਇਨਾ ਦਾ ਸਾਹਮਣਾ ਹੁਣ ਥਾਈਲੈਂਡ ਦੀ ਪੋਰਨਪਾਵੀ ਚੋਚੁਵੋਂਗ ਨਾਲ ਹੋਵੇਗਾ, ਜਿਸ ਨੇ ਮੁਟਿਆਰ ਭਾਰਤੀ ਮੁਗਧਾ ਆਗਰੇ ਨੂੰ 21-6, 21-8 ਨਾਲ ਮਾਤ ਦਿੱਤੀ ਹੈ।
ਇੰਡੀਆ ਓਪਨ ਦੇ ਫਾਈਨਲਜ਼ ਵਿੱਚ ਪਹੁੰਚੇ ਛੇਵਾਂ ਦਰਜਾ ਪ੍ਰਾਪਤ ਕਿਦੰਬੀ ਸ੍ਰੀਕਾਂਤ ਨੇ 41 ਮਿੰਟ ਤੱਕ ਚੱਲੇ ਪੁਰਸ਼ ਸਿੰਗਲਜ਼ ਮੁਕਾਬਲੇ ਵਿੱਚ ਥਾਈਲੈਂਡ ਦੇ ਸਿਟਹੀਕੋਮ ਥਾਮਾਸਿਨ ਨੂੰ 21-14, 21-18 ਨਾਲ ਹਰਾਇਆ। ਹੁਣ ਉਹ ਡੈਨਮਾਰਕ ਦੇ ਹੈਂਸ ਕ੍ਰਿਸਟੀਅਨ ਸੋਲਬਰਗ ਵਿਟਿੰਗਜ਼ ਨਾਲ ਭਿੜੇਗਾ। ਪਾਰੂਪੱਲੀ ਕਸ਼ਿਅਪ ਅਤੇ ਸਮੀਰ ਵਰਮਾ ਵੀ ਅਗਲੇ ਗੇੜ ਵਿੱਚ ਪਹੁੰਚ ਗਏ ਹਨ।
ਦੂਜੇ ਪਾਸੇ ਪੁਰਸ਼ ਡਬਲਜ਼ ਦੇ ਪਹਿਲੇ ਗੇੜ ਵਿੱਚ ਹੀ ਭਾਰਤੀ ਚੁਣੌਤੀ ਖ਼ਤਮ ਹੋ ਗਈ। ਮਨੂ ਅੱਤਰੀ ਅਤੇ ਬੀ ਸੁਮੀਤ ਰੈਡੀ ਦੀ ਜੋੜੀ ਪਹਿਲੇ ਗੇੜ ਵਿੱਚ ਸਿੰਗਾਪੁਰ ਦੇ ਕੁਆਲੀਫਾਇਰ ਡੈਨੀ ਬਾਵਾ ਕ੍ਰਿਸਨਾਂਤਾ ਅਤੇ ਕੀਨ ਹੀਨ ਲੋਹ ਤੋਂ 13-21, 17-21 ਨਾਲ ਹਾਰ ਗਈ।
ਸੌਰਭ ਸ਼ਰਮਾ ਅਤੇ ਅਨੁਸ਼ਕਾ ਪਾਰਿਖ ਦੀ ਮਿਕਸਡ ਡਬਲਜ਼ ਜੋੜੀ ਵੀ ਪਹਿਲੇ ਗੇੜ ਵਿੱਚ ਬਾਹਰ ਹੋ ਗਈ। ਉਸ ਨੂੰ ਦੇਚਾਪੋਲ ਪੁਆਵਾਰਾਨੁਕਰੋਹ ਅਤੇ ਸੈਪਸਿਰੀ ਤਾਰਾਤਾਨਾਚਾਈ ਦੀ ਥਾਈ ਜੋੜੀ ਤੋਂ 12-21, 12-21 ਨਾਲ ਹਾਰ ਝੱਲਣੀ ਪਈ। ਪ੍ਰਣਵ ਜੇਰੀ ਚੋਪੜਾ ਅਤੇ ਐਨ ਸਿੱਕੀ ਰੈਡੀ ਦੀ ਜੋੜੀ ਨੇ ਹਾਲਾਂਕਿ ਮਿਕਸਡ ਡਬਲਜ਼ ਦੇ ਦੂਜੇ ਗੇੜ ਵਿੱਚ ਥਾਂ ਬਣਾਈ ਹੈ। ਉਸ ਨੇ ਅਰਜਨ ਐਮ ਆਰ ਅਤੇ ਕੇ ਮਨੀਸ਼ਾ ਦੀ ਜੋੜੀ ਨੂੰ 21-8, 21-7 ਨਾਲ ਮਾਤ ਦਿੱਤੀ।