ਟੋਰਾਂਟੋ (ਬਿਊਰੋ ਰਿਪੋਰਟ) ਕੈਨੇਡਾ ਦੇ ਸੂਬੇ ਓਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਐਲਾਨ ਕੀਤਾ ਹੈ ਕਿ ਪਹਿਲੇ ਦਰਜੇ ਦੇ ਕਤਲ ਦੇ ਮਾਮਲੇ ਵਿੱਚ ਭਗੌੜੇ ਵਿਅਕਤੀ ਧਰਮ ਧਾਲੀਵਾਲ ਦੀ ਗ੍ਰਿਫਤਾਰੀ ਲਈ ਦਿੱਤਾ ਜਾਣ ਵਾਲਾ $50,000 ਦਾ ਇਨਾਮ 3 ਜੂਨ 2025 ਤੱਕ ਹੀ ਉਪਲਬਧ ਰਹੇਗਾ।

ਵਰਨਣਯੋਗ ਹੈ ਕਿ 32 ਸਾਲਾ ਧਰਮ ਧਾਲੀਵਾਲ ਦਾ ਸਬੰਧ 3 ਦਸੰਬਰ 2022 ਨੂੰ ਮਿਸੀਸਾਗਾ (ਓਂਟਾਰੀਓ) ਵਿਖੇ ਹੋਏ ਇੱਕ ਗੋਲੀਕਾਂਡ ਨਾਲ ਜੋੜਿਆ ਗਿਆ ਹੈ, ਜਿੱਥੇ 21 ਸਾਲਾ ਪਵਨਪ੍ਰੀਤ ਕੌਰ ਦੀ ਗੈਸ ਸਟੇਸ਼ਨ ‘ਤੇ ਕੰਮ ਕਰਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਘਟਨਾ ਬ੍ਰਿਟੈਨੀਆ ਰੋਡ ਵੈਸਟ ਅਤੇ ਕਰੈਡਿਟਵਿਊ ਰੋਡ ਦੇ ਕੋਨੇ ‘ਤੇ ਸਥਿਤ ਪੈਟਰੋ-ਕੈਨੇਡਾ ਪੰਪ ਉੱਤੇ ਵਾਪਰੀ ਸੀ।

ਪੁਲਿਸ ਅਨੁਸਾਰ, ਹੱਤਿਆ ਤੋਂ ਪਹਿਲਾਂ ਕਈ ਮਹੀਨਿਆਂ ਦੌਰਾਨ ਧਾਲੀਵਾਲ ਉੱਤੇ ਪਵਨਪ੍ਰੀਤ ਕੌਰ ਦੇ ਖਿਲਾਫ ਘਰੇਲੂ ਹਿੰਸਾ ਦੇ ਮਾਮਲੇ ਦਰਜ ਹੋਏ ਸਨ।

ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕਤਲ ਤੋਂ ਪਹਿਲਾਂ ਧਾਲੀਵਾਲ ਨੇ ਆਪਣੀ ਝੂਠੀ ਆਤਮਹੱਤਿਆ ਰਚੀ ਤਾਂ ਜੋ ਕਾਨੂੰਨ ਤੋਂ ਬਚ ਸਕੇ। 18 ਅਪ੍ਰੈਲ 2023 ਨੂੰ ਧਰਮ ਧਾਲੀਵਾਲ ਦੇ ਦੋ ਪਰਿਵਾਰਕ ਮੈਂਬਰ— 25 ਸਾਲਾ ਪ੍ਰਿਤਪਾਲ ਧਾਲੀਵਾਲ ਅਤੇ 50 ਸਾਲਾ ਅਮਰਜੀਤ ਧਾਲੀਵਾਲ— ਨੂੰ ਮੋਂਕਟਨ, ਨਿਊ ਬ੍ਰੰਸਵਿਕ ਵਿੱਚ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਕਤਲ ਤੋਂ ਬਾਅਦ ਸਹਾਇਤਾ ਕਰਨ ਦੇ ਦੋਸ਼ ਲਗਾਏ ਗਏ ਸਨ।

ਜੋ ਵੀ ਵਿਅਕਤੀ ਧਰਮ ਧਾਲੀਵਾਲ ਦੀ ਗ੍ਰਿਫਤਾਰੀ ਵਿੱਚ ਸਹਾਇਤਾ ਕਰੇਗਾ, ਉਸਨੂੰ BOLO ਪ੍ਰੋਗਰਾਮ ਵੱਲੋਂ $50,000 ਤੱਕ ਇਨਾਮ ਦਿੱਤਾ ਜਾਵੇਗਾ— ਇਹ ਇਨਾਮ 3 ਜੂਨ ਤੱਕ ਉਪਲਬਧ ਹੈ।