ਚੇਮਸਫੋਰਡ, 27 ਜੁਲਾਈ
ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਮੌਜੂਦਾ ਟੀਮ ਸ਼ਿਕਾਇਤ ਕਰਨ ’ਚ ਯਕੀਨ ਨਹੀਂ ਰੱਖਦੀ ਤੇ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੇ ਸੰਭਾਵੀ ਸ਼ਖ਼ਤ ਮੁਕਾਬਲੇ ਦੌਰਾਨ ਆਪਣੇ ਪ੍ਰਦਰਸ਼ਨ ਲਈ ਮੁਸ਼ਕਲ ਹਾਲਾਤ ਦਾ ਬਹਾਨਾ ਨਹੀਂ ਘੜੇਗੀ। ਕਾਬਿਲੇਗੌਰ ਹੈ ਕਿ ਅਜਿਹੀਆਂ ਰਿਪੋਰਟਾਂ ਸਨ ਕਿ ਭਾਰਤੀ ਟੀਮ ਪ੍ਰਬੰਧਨ ਐਸੈਕਸ ਕਾਊਂਟੀ ਮੈਦਾਨ ਦੀ ਪਿੱਚ ਤੇ ਆਊਟਫੀਲਡ ਨੂੰ ਲੈ ਕੇ ਖ਼ੁਸ਼ ਨਹੀਂ ਸੀ, ਜਿੱਥੇ ਇਕੋ ਇਕ ਅਭਿਆਸ ਮੈਚ ਨੂੰ ਗਰਮੀ ਦਾ ਹਵਾਲਾ ਦੇ ਕੇ ਚਾਰ ਦੀ ਥਾਂ ਤਿੰਨ ਦਿਨ ਦਾ ਕਰ ਦਿੱਤਾ ਗਿਆ ਸੀ। ਸ਼ਾਸਤਰੀ ਨੇ ਆਪਣੇ ਬੇਬਾਕ ਅੰਦਾਜ਼ ਵਿੱਚ ਕਿਹਾ ਕਿ ਉਨ੍ਹਾਂ ਦੀ ਟੀਮ ਬਹਾਨੇ ਨਹੀਂ ਬਣਾਉਂਦੀ।
ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ਼ਾਸਤਰੀ ਨੇ ਕਿਹਾ, ‘ਮੇਰਾ ਫੰਡਾ ਸਾਫ਼ ਹੈ- ਤੁਹਾਡੇ ਮੁਲਕ ਵਿੱਚ ਮੈਂ ਸਵਾਲ ਨਹੀਂ ਕਰ ਸਕਦਾ ਤੇ ਮੇਰੇ ਮੁਲਕ ਵਿੱਚ ਤੁਸੀਂ ਸਵਾਲ ਨਾ ਕਰਿਓ। ਮੈਂ ਮੈਦਾਨ ਵਿੱਚ ਕੰਮ ਕਰਦੇ ਕਾਮਿਆਂ ਨੂੰ ਕਿਹਾ ਕਿ ਘਾਹ ਰਹਿਣ ਦਿਓ ਤੇ ਕੁਝ ਵੀ ਨਾ ਹਟਾਇਓ।’ ਕੋਚ ਨੇ ਕਿਹਾ, ‘ਇਸ ਦੌਰੇ ਦੌਰਾਨ ਤੁਹਾਨੂੰ ਭਾਰਤੀ ਟੀਮ ਕਿਤੇ ਵੀ ਪਿੱਚ ਜਾਂ ਹਾਲਾਤ ਨੂੰ ਲੈ ਕੇ ਬਹਾਨਾ ਘੜਦਿਆਂ ਨਹੀਂ ਦਿਸੇਗੀ। ਅਸੀਂ ਜਿੱਥੇ ਵੀ ਜਾਂਦੇ ਹਾਂ, ਉਥੇ ਆਪਣੇ ਪ੍ਰਦਰਸ਼ਨ ’ਤੇ ਮਾਣ ਮਹਿਸੂਸ ਕਰਦੇ ਹਾਂ। ਇਹ ਭਾਰਤੀ ਟੀਮ ਸ਼ਿਕਾਇਤ ਕਰਨ ਵਾਲੀ ਆਖਰੀ ਟੀਮ ਹੋਵੇਗੀ।’ ਮੈਚ ਨੂੰ ਚਾਰ ਤੋਂ ਤਿੰਨ ਦਿਨ ਕਰਨ ਬਾਰੇ ਸ਼ਾਸਤਰੀ ਨੇ ਕਿਹਾ ਕਿ ਇਸ ਦਾ ਮੁੱਖ ਕਾਰਨ ਗਰਮੀ ਹੈ ਤੇ ਟੀਮ ਇਕ ਅਗਸਤ ਤੋਂ ਬਰਮਿੰਘਮ ਵਿੱਚ ਸ਼ੁਰੂ ਹੋ ਰਹੇ ਪਹਿਲੇ ਟੈਸਟ ਤੋਂ ਪਹਿਲਾਂ ਬਿਹਤਰ ਤਿਆਰੀ ਚਾਹੁੰਦੀ ਹੈ। ਚਾਰ ਦਿਨਾ ਮੈਚ ਖੇਡਣ ਨਾਲ ਸਾਡਾ ਪੂਰਾ ਇਕ ਦਿਨ ਸਫ਼ਰ ਵਿੱਚ ਲੰਘ ਜਾਏਗਾ। ਉਂਜ ਵੀ ਇਹ ਮਹਿਮਾਨ ਟੀਮ ਦੀ ਮਰਜ਼ੀ ਹੁੰਦੀ ਹੈ ਕਿ ਉਹ ਕਿੰਨੇ ਦਿਨਾਂ ਦਾ ਮੈਚ ਖੇਡਣਾ ਚਾਹੁੰਦੀ ਹੈ।