ਚੇਤਨਪੁਰਾ , 14 ਜੂਨ
ਜ਼ਿਲ੍ਹਾ ਅੰਮਿ੍ਤਸਰ ਅਧੀਨ ਆਉਂਦੇ ਪਿੰਡ ਨੰਗਲੀ (ਫਤਹਿਗੜ ਚੂੜੀਆਂ ਰੋਡ) ਦੇ 22 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਗਿੱਲ ਦੀ ਕੈਨੇਡਾ ਦੇ ਸੂਬੇ ਓਨਟਾਰੀਓ ਦੀ ਵਸਾਖਾ ਬੀਚ ’ਤੇ ਡੁੱਬਣ ਕਾਰਨ ਮੌਤ ਹੋ ਗਈ। ਗੁਰਪ੍ਰੀਤ ਦੇ ਪਿਤਾ ਸਤਵਿੰਦਰ ਸਿੰਘ ਗਿੱਲ ਅਤੇ ਮਾਤਾ ਦਲਜੀਤ ਕੌਰ ਨੇ ਦੱਸਿਆ ਕਿ 20 ਨਵੰਬਰ 2017 ਨੂੰ ਉਨ੍ਹਾਂ ਆਪਣੇ ਪੁੁੱਤਰ ਨੂੰ ਪੜਾਈ ਲਈ ਕੈਨੇਡਾ ਭੇਜਿਆ ਸੀ। ਉਹ ਬਰੈਂਪਟਨ ਵਿੱਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਹ ਬੀਤੇ ਦਿਨ ਆਪਣੇ ਦੋਸਤਾਂ ਨਾਲ ਵਸਾਖਾ ਬੀਚ ’ਤੇ ਨਹਾਉਣ ਗਿਆ ਸੀ ਜਿਥੇ ਉਸ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਉਸ ਦੀਆਂ ਅੰਤਮ ਰਸਮਾਂ ਕਰ ਸਕਣ।