ਨਸ਼ਿਆਂ ਦੀ ਰੋਕਥਾਮ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡੇ-ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨਸ਼ੇ ਤਸਕਰਾਂ ‘ਤੇ ਸ਼ਿਕੰਜੇ ਕੱਸੇ ਜਾ ਰਹੇ ਹਨ। ਜਿਹੜੇ ਨਸ਼ੇ ਵਿੱਚ ਡੁੱਬੇ ਨੌਜਵਾਨ ਹਨ ਉਹਨਾਂ ਦਾ ਇਲਾਜ ਨਸ਼ਾ ਛੜਾਓ ਕੇਂਦਰ ਵਿੱਚ ਫਰੀ ਕੀਤਾ ਜਾ ਰਿਹਾ ਹੈ। ਜੇਕਰ ਗੱਲ ਨਵੇਂ ਬਣੇ ਸਰਪੰਚਾਂ ਦੀ ਕੀਤੀ ਜਾਵੇ ਤਾਂ ਸਰਪੰਚ ਵੀ ਇਸ ਕੰਮ ਵੀ ਅੱਗੇ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਮੋਗਾ ਜ਼ਿਲ੍ਹਾ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਧੂੜਕੋਟ ਰਣਸੀਂਹ ਦੀ ਪੰਚਾਇਤ ਵੱਲੋਂ ਬੜਾ ਵਧੀਆ ਫ਼ੈਸਲਾ ਕੀਤਾ ਗਿਆ ਹੈ। ਪੰਚਾਇਤ ਨੇ ਫੈਸਲਾ ਕੀਤਾ ਹੈ ਕਿ ਜੇਕਰ ਕੋਈ ਨਸ਼ਾ ਵੇਚਦਾ ਹੈ ਜਾ ਕੋਈ ਵਿਅਕਤੀ ਨਸ਼ਾ ਤਸਕਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਦਿੰਦਾ ਹੈ ਤਾਂ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਪਿੰਡ ਦੀ ਕੁੱਲ ਵੋਟ 6000 ਹੈ ਅਤੇ ਪਿੰਡ ਧੂੜਕੋਟ ਰਣਸੀਂਹ ਦੀ ਪੰਜਾਬ ਭਰ ਵਿੱਚੋਂ ਪਹਿਲੀ ਸਰਬਸੰਮਤੀ ਹੋਈ ਸੀ।

ਗੱਲਬਾਤ ਕਰਦਿਆਂ ਹੋਇਆਂ ਪਿੰਡ ਧੂੜਕੋਟ ਰਣਸੀਂਹ ਦੀ ਸਰਪੰਚ ਕਰਮਜੀਤ ਕੌਰ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹੈ। ਨਸ਼ਾ ਤਸਕਰਾਂ ਨੂੰ ਤਾੜਨਾ ਕੀਤੀ ਗਈ ਹੈਕਿ ਕੋਈ ਵੀ ਵਿਅਕਤੀ ਪਿੰਡ ਵਿਚ ਨਸ਼ਾ ਨਹੀਂ ਵੇਚੇਗਾ ਅਤੇ ਦੁਕਾਨਦਾਰਾਂ ਨੂੰ ਵੀ ਕਿਹਾ ਗਿਆ ਹੈ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਬੀੜੀ ਜਰਦਾ ਅਦੀ ਨਹੀਂ ਵੇਚਿਆ ਜਾਵੇਗਾ।

ਜੇਕਰ ਫਿਰ ਵੀ ਕੋਈ ਦੁਕਾਨਦਾਰ ਨਸ਼ਾ ਵੇਚਦਾ ਹੈ ਤਾਂ ਉਸ ਨੂੰ 10 ਹਜਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ ਅਤੇ ਪਿੰਡ ਵਿੱਚ ਬਣੇ ਮੈਡੀਕਲ ਸਟੋਰ ਵਾਲਿਆਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਪਿੰਡ ਵਿੱਚ ਕੋਈ ਵੀ ਨਸ਼ੀਲੀ ਦਵਾਈ ਜਾਂ ਕੋਈ ਟੀਕਾ ਜਾਂ ਸਰਿੰਜ ਨਹੀਂ ਵੇਚੇਗਾ ਉਹਨਾਂ ਕਿਹਾ ਕਿ ਜੇਕਰ ਪਿੰਡ ਦਾ ਕੋਈ ਵੀ ਨਸ਼ਾ ਤਸਕਰ ਫੜਿਆ ਜਾਂਦਾ ਹੈ ਤਾਂ ਉਸ ਦੀ ਕੋਈ ਵੀ ਪਿੰਡ ਦਾ ਬੰਦਾ ਜਮਾਨਤ ਨਹੀਂ ਕਰਾਵੇਗਾ। ਜੇਕਰ ਫਿਰ ਵੀ ਨਸ਼ਾ ਤਸਕਰ ਦਾ ਕੋਈ ਸਾਥ ਦਿੰਦਾ ਹੈ ਤਾਂ ਉਸ ਦੇ ਉੱਪਰ ਵੀ ਬਣਦੀ ਕਾਰਵਾਈ ਕੀਤੀ ਜਾਵੇਗੀਅਤੇ ਉਹਨਾਂ ਕਿਹਾ ਕਿ ਹੋਰ ਵੀ ਪਿੰਡਾਂ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਸੁਨੇਹਾ ਦਿੰਦੇ ਹਾਂ ਕਿ ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਮਤੇ ਪਾ ਕੇ ਨੌਜਵਾਨੀ ਨੂੰ ਨਸ਼ਿਆਂ ਦੀ ਦਲ ਦਲ ਵਿੱਚੋਂ ਬਾਹਰ ਕੱਢਣ ਦਾ ਯਤਨ ਕਰਨਾ ਚਾਹੀਦਾ ਹੈ।

ਇਸ ਮੌਕੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਵੀ ਪਿੰਡ ਧੂੜਕੋਟ ਰਣਸੀਂਹ ਦੀ ਪੰਚਾਇਤ ਦਾ ਸਮਰਥਨ ਕੀਤਾ। ਉਹਨਾਂ ਨੇ ਪੰਚਾਇਤ ਦੇ ਇਸ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਸਰਪੰਚਾਂ ਨੂੰ ਵੀ ਇਸ ਤਰ੍ਹਾਂ ਦੇ ਮਤੇ ਪਾਉਣੇ ਚਾਹੀਦੇ ਹਨ ਤਾਂ ਜੋ ਪੰਜਾਬ ਨਸ਼ਾ ਮੁਕਤ ਹੋ ਸਕੇ।