ਮਾਨਸਾ, 29 ਅਕਤੂਬਰ

ਦਿੱਲੀ ਦੇ ਕਿਸਾਨ ਅੰਦੋਲਨ ਤੋਂ ਘਰ ਨੂੰ ਪਰਤਣ ਲਈ ਆਟੋ ਰਿਕਸ਼ਾ ਦੀ ਉਡੀਕ ਕਰ ਰਹੀਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂ ਵਾਲਾ ਦੀਆਂ ਜਿਹੜੀਆਂ 3 ਮਾਈਆਂ ਨੂੰ ਤੇਜ਼ ਰਫ਼ਤਾਰ ਟਰੱਕ (ਟਿੱਪਰ) ਨੇ ਮਾਰ ਦਿੱਤਾ ਗਿਆ ਸੀ, ਦਾ ਅੱਜ ਸ਼ਾਮ ਨੂੰ ਅੰਤਮ ਸੰਸਕਾਰ ਕਰ ਦਿੱਤਾ ਜਾਵੇਗਾ। ਇਹ ਸਸਕਾਰ ਪਿੰਡ ਖੀਵਾ ਦਿਆਲੂ ਵਾਲਾ ਵਿਖੇ ਹੋਵੇਗਾ। ਇਸ ਤੋਂ ਪਹਿਲਾਂ ਅੱਜ ਬਹਾਦਰਗੜ੍ਹ ਵਿਖੇ ਤਿੰਨਾਂ ਔਰਤਾਂ ਦਾ ਪਰਿਵਾਰ ਦੀ ਸਹਿਮਤੀ ਨਾਲ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਕਰਵਾਇਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਅੱਜ ਵੱਡੇ ਤੜਕੇ ਦੇ ਬਹਾਦਰਗੜ੍ਹ ਵਿਖੇ ਪੁੱਜੇ ਹੋਏ ਹਨ ਅਤੇ ਉਨ੍ਹਾਂ ਨੇ ਜਥੇਬੰਦਕ ਨੇਤਾਵਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੋਸਟ ਮਾਰਟਮ ਕਰਵਾਇਆ ਗਿਆ।
ਕਿਸਾਨ ਆਗੂ ਰਾਮ ਸਿੰਘ ਭੈਣੀ ਬਾਘਾ ਨੇ ਇਸ ਪੱਤਰਕਾਰ ਨੂੰ ਫੋਨ ਰਾਹੀਂ ਦੱਸਿਆ ਕਿ ਉਹ ਦੇਹਾਂ ਨੂੰ ਐਂਬੂਲੈਂਸਾਂ ਵਿਚ ਲੈ ਕੇ ਪੰਜਾਬ ਲਈ ਚੱਲ ਪਏ ਹਨ ਅਤੇ ਅੱਜ ਹੀ ਸ਼ਾਮ ਨੂੰ ਤਿੰਨਾਂ ਮਾਈਆਂ ਦਾ ਅੰਤਮ ਸੰਸਕਾਰ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਈਆਂ ਨੂੰ ਜਥੇਬੰਦੀ ਦੀਆਂ ਕਾਲ਼ੇ ਖੇਤੀ ਕਾਨੂੰਨਾਂ ਦੀਆਂ ਸ਼ਹੀਦ ਐਲਾਨਿਆ ਗਿਆ ਹੈ ਅਤੇ ਅੱਜ ਅੰਤਿਮ ਸੰਸਕਾਰ ਤੋਂ ਪਹਿਲਾਂ ਪਿੰਡ ਸਮਾਉ ਤੋਂ ਖੀਵਾ ਦਿਆਲੂ ਵਾਲਾ ਤੱਕ ਮਿ੍ਤਕ ਦੇਹਾਂ ਨੂੰ ਕਾਫ਼ਲੇ ਦੇ ਰੂਪ ਵਿਚ ਲਿਜਾਇਆ ਜਾਵੇਗਾ। ਮਿ੍ਤਕ ਔਰਤਾਂ ਵਿਚ ਅਮਰਜੀਤ ਕੌਰ ਪਤਨੀ ਹਰਜੀਤ ਸਿੰਘ (58), ਗੁਰਮੇਲ ਕੌਰ ਪਤਨੀ ਭੋਲਾ ਸਿੰਘ ( 60), ਛਿੰਦਰ ਕੌਰ ਪਤਨੀ ਭਾਨ ਸਿੰਘ ( 61) ਸ਼ਾਮਲ ਹਨ।