ਕੁਰਾਲੀ, 8 ਜੂਨ
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਹਲਕੇ ਦੇ ਬਲਾਕ ਮਾਜਰੀ ਵਿੱਚ ਪੈਂਦੇ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਪੰਚਾਇਤਾਂ ਤੇ ਕਲੱਬਾਂ ਨੂੰ 83.08 ਲੱਖ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ।
ਮਾਜਰੀ ਦੇ ਮੱਠ ਬਾਬਾ ਦਯਾ ਨਾਥ ਧਰਮਸ਼ਾਲਾ ਵਿੱਚ ਹੋਏ ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਹਲਕਾ ਖਰੜ ਦੇ ਪਿੰਡਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਉਨ੍ਹਾਂ ਦਾ ਜੀਵਨ ਪੱਧਰ ਹੋਰ ਉੱਚਾ ਹੋ ਸਕੇ। ਮੰਤਰੀ ਨੇ ਕਿਹਾ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਗ੍ਰਾਮ ਪੰਚਾਇਤ ਫਾਂਟਵਾਂ, ਮਹਿਰਮਪੁਰ, ਕਾਦੀਮਾਜਰਾ, ਸਾਮੀਪੁਰ, ਅੰਧਹੇੜੀ, ਮਲਕਪੁਰ, ਤਾਜਪੁਰਾ, ਸਿਆਲਬਾ, ਮਹਿਰੋਲੀ, ਬਹਾਲਪੁਰ, ਖੇੜਾ, ਸੰਗਲਾਂ, ਢਕੋਰਾ ਖੁਰਦ, ਫਤਹਿਪੁਰ, ਬਘਿੰੜੀ ਅਤੇ ਮੁਲਾਂਪੁਰ ਸੋਢੀਆਂ ਅਤੇ ਰਤਨਗੜ੍ਹ ਦੀਆਂ ਪੰਚਾਇਤਾਂ ਨੂੰ ਦੋ-ਦੋ ਲੱਖ, ਨੱਗਲ ਗੜ੍ਹੀਆ ਤੇ ਝੰਡੇਮਾਜਰਾ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 2.5-2.5 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਨੌਜਵਾਨ ਏਕਤਾ ਕਲੱਬ ਕੁੱਬਾਹੇੜੀ, ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਆਲਬਾ, ਗ੍ਰਾਮ ਪੰਚਾਇਤ ਮਾਜਰੀ, ਜੈਅੰਤੀ ਮਾਜਰੀ, ਤਕੀਪੁਰ, ਭੂਪਨਗਰ, ਬਦਰਪੁਰ, ਨਗਲੀਆਂ ਅਤੇ ਧਕਤਾਣਾ ਆਦਿ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ 28 ਲੱਖ ਰੁਪਏ ਦੇ ਚੈੱਕ ਵੰਡੇ ਗਏ। ਵੱਖ-ਵੱਖ ਪਿੰਡਾਂ ਦੇ ਗਰੀਬ ਪਰਿਵਾਰਾਂ ਨੂੰ ਮਾਲੀ ਸਹਾਇਤਾ ਦਿੰਦੇ ਹੋਏ ਮਕਾਨ ਦੀ ਮੁਰੰਮਤ ਲਈ 16.08 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਵੀ ਇਸ ਸਮਾਗਮ ਦੌਰਾਨ ਵੰਡੇ ਗਏ। ਇਸ ਮੌਕੇ ਮਾਰਕਿਟ ਕਮੇਟੀ ਕੁਰਾਲੀ ਦੇ ਚੇਅਰਮੈਨ ਰਾਣਾ ਹਰੀਸ਼ ਕੁਮਾਰ, ਖਰੜ ਦੇ ਚੇਅਰਮੈਨ ਹਾਕਮ ਸਿੰਘ, ਬੀਡੀਪੀਓ ਪ੍ਰਦੀਪ ਸ਼ਾਰਦਾ, ਸਰਪੰਚ ਜਗਦੀਪ ਸਿੰਘ ਮਾਜਰੀ, ਨੰਬਰਦਾਰ ਰਾਜ ਕੁਮਾਰ ਸਿਆਲਬਾ ਆਦਿ ਪਤਵੰਤੇ ਹਾਜ਼ਰ ਸਨ।