ਸੰਗਰੂਰ, 21 ਜਨਵਰੀ
ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਵਲੋਂ ਅੱਜ ਇਲਾਕੇ ਦੇ ਕਰੀਬ ਦੋ ਦਰਜਨ ਪਿੰਡਾਂ ਵਿਚ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ ਅਤੇ ਲੋਕਾਂ ਨੂੰ ਦਿੱਲੀ ਵਿਖੇ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਯੂਨੀਅਨ ਦਾ ਦਾਅਵਾ ਹੈ ਕਿ ਅੱਜ ਦੇ ਟਰੈਕਟਰ ਮਾਰਚ ਵਿਚ ਸੰਗਰੂਰ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਕਰੀਬ 600 ਟਰੈਕਟਰਾਂ ਸਮੇਤ ਕਿਸਾਨ ਵੱਡੀ ਤਾਦਾਦ ’ਚ ਸ਼ਾਮਲ ਹੋਏ ਅਤੇ ਖੇਤੀ ਕਾਨੂੰਨਾਂ ਖ਼ਿਲਾਫ ਅਤੇ ਕਿਸਾਨ ਸੰਘਰਸ਼ ਦੇ ਹੱਕ ਵਿਚ ਲੋਕਾਂ ਨੂੰ ਲਾਮਬੰਦ ਕਰਦਿਆਂ 26 ਜਨਵਰੀ ਦੀ ਟਰੈਕਟਰ ਪਰੇਡ ਦਾ ਪ੍ਰਚਾਰ ਕੀਤਾ ਗਿਆ। ਟਰੈਕਟਰਾਂ ਉਪਰ ਸਪੀਕਰਾਂ ’ਚ ਕਿਸਾਨ ਸੰਘਰਸ਼ ਦੇ ਹੱਕ ਵਿਚ ਚੱਲ ਰਹੇ ਗੀਤ ਗੂੰਜ਼ ਰਹੇ ਸਨ। ਅੱਜ ਸਵੇਰੇ ਹੀ ਵੱਖ-ਵੱਖ ਪਿੰਡਾਂ ਦੇ ਸੈਂਕੜੇ ਕਿਸਾਨ ਟਰੈਕਟਰਾਂ ਉਪਰ ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਲਗਾ ਕੇ ਸਥਾਨਕ ਅਨਾਜ ਮੰਡੀ ਵਿਚ ਇਕੱਠੇ ਹੋਏ। ਜਿਥੋਂ ਜੈਕਾਰਿਆਂ ਦੀ ਗੂੰਜ਼ ਵਿਚ ਵਿਸ਼ਾਲ ਟਰੈਕਟਰ ਮਾਰਚ ਸ਼ੁਰੂ ਹੋਇਆ। ਇਸ ਮੌਕੇ ਟਰੈਕਟਰ ਮਾਰਚ ਦੀ ਅਗਵਾਈ ਕਰ ਰਹੇ ਯੂਨੀਅਨ ਦੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ, ਗੋਬਿੰਦਰ ਸਿੰਘ ਬਡਰੁੱਖਾਂ, ਲਾਭ ਸਿੰਘ ਖੁਰਾਣਾ, ਗੁਰਦੀਪ ਸਿੰਘ ਕੰਮੋਮਾਜਰਾ, ਕਰਮਜੀਤ ਮੰਗਵਾਲ, ਹਰਦਿਆਲ ਸਿੰਘ ਨੇ ਦੱਸਿਆ ਕਿ ਇਥੋਂ ਸ਼ੁਰੂ ਹੋਇਆ ਮਾਰਚ ਪਿੰਡ ਗੁਰਦਾਸਪੁਰਾ, ਰਸਾਲਦਾਰ ਛੰਨਾਂ, ਫਤਹਿਗੜ੍ਹ ਛੰਨਾਂ, ਥਲੇਸਾਂ, ਦੇਹ ਕਲਾਂ, ਬਾਲੀਆਂ, ਮੰਗਵਾਲ, ਸੋਹੀਆਂ ਕਲਾਂ, ਕੰਮੋਮਾਜਰਾ ਖੁਰਦ, ਕੰਮੋਮਾਜਰਾ ਕਲਾਂ, ਖੇੜੀ, ਕੁਲਾਰ ਖੁਰਦ, ਕਨੋਈ, ਤੁੰਗਾਂ, ਚੱਠੇ ਸੇਖਵਾਂ, ਭਰੂਰ, ਉਪਲੀ, ਉਭਾਵਾਲ, ਭੰਮਾਂਬੰਦੀ, ਬਡਰੁੱਖਾਂ, ਬਹਾਦਰਪੁਰ, ਅਕੋਈ ਸਾਹਿਬ ਹੁੰਦਿਆਂ ਬੱਗੂਆਣਾ ਬਸਤੀ ਸੰਗਰੂਰ ਵਿਖੇ ਪੁੱਜੇਗਾ। ਟਰੈਕਟਰ ਮਾਰਚ ਦੌਰਾਨ ਲੋਕਾਂ ਨੂੰ ਹੋਕਾ ਦਿੱਤਾ ਗਿਆ ਕਿ ਘਰ-ਘਰ ਦਾ ਬੰਦਾ 26 ਜਨਵਰੀ ਦੀ ਟਰੈਕਟਰ ਪਰੇਡ ਵਿਚ ਆਪਣੀ ਸ਼ਮੂਲੀਅਤ ਯਕੀਨੀ ਬਣਾਏ ਤਾਂ ਜੋ ਖੇਤੀ ਮਾਰੂ ਕਾਲੇ ਕਾਨੂੰਨ ਰੱਦ ਕਰਵਾਏ ਜਾਣ ਸਕਣ ਅਤੇ ਜਿੱਤ ਦੇ ਝੰਡੇ ਬੁਲੰਦ ਕਰ ਸਕੀਏ।