ਮੁੰਬਈ, 23 ਨਵੰਬਰ

ਅਗਸਤ ਮਹੀਨੇ ਵਿੱਚ ਸੰਜੇ ਦੱਤ ਦੇ ਕੈਂਸਰ ਪੀੜਤ ਹੋਣ ਦੀ ਖਬਰ ਆਈ ਸੀ, ਜਿਸ ਮਗਰੋਂ ਊਨ੍ਹਾਂ ਦਾ ਇਲਾਜ ਸ਼ੁਰੂ ਹੋ ਗਿਆ ਸੀ। ਅਕਤੂਬਰ ਮਹੀਨੇ ਵਿੱਚ ਸੰਜੇ ਦੱਤ ਨੇ ਸੋਸ਼ਲ ਮੀਡੀਆ ਰਾਹੀਂ ਕੈਂਸਰ ਨਾਲ ਆਪਣੀ ਲੜਾਈ ਵਿੱਚ ਜਿੱਤ ਹਾਸਲ ਕਰਨ ਬਾਰੇ ਦੱਸਿਆ ਸੀ। ਅੱਜਕੱਲ੍ਹ ਊਹ ਆਪਣੀ ਫ਼ਿਲਮ ‘ਤੋਰਬਾਜ਼’ ਦੀ ਡਿਜੀਟਲ ਰਿਲੀਜ਼ ਨੂੰ ਲੈ ਕੇ ਊਤਸਾਹਿਤ ਹਨ। ਸੰਜੇ ਨੇ ਇੱਕ ਟਵੀਟ ਵਿੱਚ ‘ਤੋਰਬਾਜ਼’ ਬਾਰੇ ਲਿਖਿਆ ਹੈ, ‘ਫ਼ਿਲਮ ਦੀ ਕਹਾਣੀ ਅਫ਼ਗਾਨਿਸਤਾਨ ਦੀ ਅਸਲ ਕਹਾਣੀ ’ਤੇ ਆਧਾਰਿਤ ਹੈ, ਜਿਸ ਵਿੱਚ ਰਿਫਊਜੀ ਕੈਂਪ ਦੇ ਬੱਚਿਆਂ ਅਤੇ ਊਸ ਦੇ ਕਿਰਦਾਰ ਨਾਸਿਰ ਖਾਨ ਨੂੰ ਕ੍ਰਿਕਟ ਰਾਹੀਂ ਬਹੁਤ ਹੀ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।’ ਸੰਜੇ ਨੇ ਲਿਖਿਆ ਹੈ, ‘ਮੈਂ ਪਿਛਲੇ ਕੁਝ ਮਹੀਨਿਆਂ ਦੌਰਾਨ ਮਿਲੇ ਪਿਆਰ ਅਤੇ ਹੱਲਾਸ਼ੇਰੀ ਲਈ ਬਹੁਤ ਹੀ ਧੰਨਵਾਦੀ ਹਾਂ ਤੇ ਮੈਂ ਇਸ ਫ਼ਿਲਮ ਰਾਹੀਂ ਵਾਪਸੀ ਕਰਕੇ ਬਹੁਤ ਖੁਸ਼ ਵੀ ਹਾਂ। ਮੈਨੂੰ ਖੁਸ਼ੀ ਹੈ ਕਿ ਇਹ ਫ਼ਿਲਮ ਵਿਸ਼ਵ ਦੇ ਵੱਖ ਵੱਖ ਹਿੱਸਿਆਂ ਵਿੱਚ ਸੰਵੇਦਨਸ਼ੀਲ ਦਰਸ਼ਕਾਂ ਦੇ ਸਨਮੁੱਖ ਹੋਵੇਗੀ, ਜਿਥੇ ਇਸ ਕਹਾਣੀ ਦੀ ਗੂੰਜ ਸਰਹੱਦਾਂ ਤੋਂ ਪਾਰ ਫੈਲੇਗੀ।’ ‘ਤੋਰਬਾਜ਼’ ਇੱਕ ਅਜਿਹੇ ਆਦਮੀ ਦੀ ਕਹਾਣੀ ਹੈ, ਜੋ ਆਪਣੇ ਜੀਵਨ ਦੀ ਤ੍ਰਾਸਦੀ ਤੋਂ ਊੱਭਰ ਕੇ ਰਿਫ਼ਊਜੀ ਕੈਂਪਾਂ ਵਿੱਚ ਰਹਿਣ ਵਾਲੇ ਬੱਚਿਆਂ ਦੀ ਜ਼ਿੰਦਗੀ ਨੂੰ ਕ੍ਰਿਕਟ ਰਾਹੀਂ ਬਦਲਣ ਦਾ ਅਹਿਦ ਲੈਂਦਾ ਹੈ, ਜੋ ਹੌਲੀ ਹੌਲੀ ਬਰਬਾਦੀ ਵੱਲ ਵੱਧਦੇ ਜਾ ਰਹੇ ਹਨ। ਇਹ ਫ਼ਿਲਮ ਨੈੱਟਫਲਿੱਕਸ ’ਤੇ 11 ਦਿਸੰਬਰ ਨੂੰ ਰਿਲੀਜ਼ ਹੋਵੇਗੀ। ਇਹ ਫ਼ਿਲਮ ਗਿਰੀਸ਼ ਮਲਿਕ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ, ਜਿਸ ਵਿੱਚ ਸੰਜੇ ਦੇ ਨਾਲ ਨਰਗਿਸ ਫਾਖ਼ਰੀ ਤੇ ਰਾਹੁਲ ਦੇਵ ਵੀ ਨਜ਼ਰ ਆਊਣਗੇ। ਜ਼ਿਕਰਯੋਗ ਹੈ ਕਿ ਸਾਲ ਦੀ ਸ਼ੁਰੂਆਤ ਵਿੱਚ ਸੰਜੇ ਦੱਤ ਮਹੇਸ਼ ਭੱਟ ਦੀ ਡਿਜੀਟਲ ਰਿਲੀਜ਼ ਹੋਈ ਫ਼ਿਲਮ ‘ਸੜਕ-2’ ਵਿੱਚ ਨਜ਼ਰ ਆਏ ਸਨ, ਜਿਸ ਵਿੱਚ ਊਨ੍ਹਾਂ ਨਾਲ ਆਲੀਆ ਭੱਟ ਤੇ ਆਦਿੱਤਯ ਰੌਏ ਕਪੂਰ ਵੀ ਸਨ। ਇਹ ਫ਼ਿਲਮ 1991 ਵਿੱਚ ਰਿਲੀਜ਼ ਹੋਈ ਫ਼ਿਲਮ ‘ਸੜਕ’ ਦਾ ਅਗਲਾ ਭਾਗ ਸੀ, ਹਾਲਾਂਕਿ ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਜ਼ਿਆਦਾ ਹੁੰਗਾਰਾ ਨਸੀਬ ਨਹੀਂ ਹੋਇਆ।