ਆਦਮਪੁਰ ਦੋਆਬਾ, 25 ਸਤੰਬਰ
ਇਥੋਂ ਦੀ ਪੁਲੀਸ ਨੇ ਪਿੰਡ ਪਧਿਆਣਾ ਵਿਚ 13 ਸਾਲਾਂ ਵਿਦਿਆਰਥੀ ਦੇ ਕਤਲ ਦੀ ਗੁਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਥਾਣਾ ਮੁਖੀ ਗੁਰਿੰਦਰ ਸਿੰਘ ਨਾਗਰਾ ਨੇ ਦੱਸਿਆ 17 ਸਤੰਬਰ ਨੂੰ ਡਰੋਲੀ ਕਲਾਂ-ਪਧਿਆਣਾ ਦੇ ਕੱਚੇ ਰਾਸਤੇ ’ਤੇ 13 ਸਾਲ ਦੇ ਇੰਦਰਜੀਤ ਸਿੰਘ ਪੁੱਤਰ ਅਮਰਪ੍ਰੀਤ ਸਿੰਘ ਦੀ ਲਾਸ਼ ਮਿਲੀ ਸੀ ਤੇ ਜਾਂਚ ਦੌਰਾਨ ਮ੍ਰਿਤਕ ਦੀ ਮਾਂ ਹੀ ਕਾਤਲ ਨਿਕਲੀ। ਇੰਦਰਜੀਤ ਸਿੰਘ ਦੇ ਦਾਦੇ ਤਰਲੋਚਨ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਅਮਰਪ੍ਰੀਤ ਸਿੰਘ ਦੁਬਈ ਗਿਆ ਹੋਇਆ ਹੈ ਤੇ ਉਸ ਦੀ ਨੂੰਹ ਗੁਰਮੀਤ ਕੌਰ ਆਪਣੇ ਬੱਚਿਆਂ ਸਮੇਤ ਉਨ੍ਹਾਂ ਤੋਂ ਵੱਖ ਰਹਿੰਦੀ ਹੈ, ਜਿਸ ਦਾ ਚਾਲ ਚੱਲਣ ਨੇਕ ਨਹੀਂ ਹੈ। ਇਸ ਬਾਰੇ ਉਸ ਦੇ ਪੋਤਰੇ ਇੰਦਰਜੀਤ ਸਿੰਘ ਨੂੰ ਪਤਾ ਲੱਗ ਗਿਆ ਸੀ ਤੇ ਇੰਦਰਜੀਤ ਸਿੰਘ ਇਸ ਬਾਰੇ ਆਪਣੇ ਦਾਦੇ ਨਾਲ ਗੱਲ ਕੀਤੀ ਕਿ ਉਨ੍ਹਾਂ ਦੇ ਘਰ ਬਾਹਰਲੇ ਬੰਦੇ ਆਉਂਦੇ ਹਨ ਤੇ ਨਾਲ ਹੀ ਇਸ ਸਬੰਧ ਵਿਚ ਆਪਣੇ ਪਿਤਾ ਨੂੰ ਦੱਸਣ ਦੀ ਗੱਲ ਕਰਦਾ ਸੀ। 17 ਸਤੰਬਰ ਨੂੰ ਇੰਦਰਜੀਤ ਸਿੰਘ ਦੀ ਲਾਸ਼ ਮਿਲੀ ਤੇ ਉਸ ਦੇ ਮੂੰਹ ਵਿਚੋਂ ਖੂਨ ਨਿਕਲ ਰਿਹਾ ਸੀ। ਪੁਲੀਸ ਵਲੋਂ ਜਾਂਚ ਕਰਨ ’ਤੇ ਪਤਾ ਲੱਗਾ ਕਿ ਔਰਤ ਕਿਸੇ ਨਾਲ ਨਜਾਇਜ ਸਬੰਧ ਸਨ। ਜਿਸ ਬਾਰੇ ਉਸ ਦੇ ਲੜਕੇ ਨੂੰ ਪਤਾ ਲੱਗ ਗਿਆ ਸੀ ਤੇ ਆਪਣੇ ਪਿਆਰ ਵਿਚ ਅੜਿੱਕਾ ਬਣ ਰਹੇ ਆਪਣੇ ਲੜਕੇ ਨੂੰ ਫਾਹਾ ਦੇ ਕੇ ਮਾਰ ਦਿੱਤਾ। ਪੁਲੀਸ ਵਲੋਂ ਗੁਰਮੀਤ ਕੌਰ ਖਿਲਾਫ ਕੇਸ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ।