ਨਵੀਂ ਦਿੱਲੀ, 13 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਚਨਾ ਤਕਨਾਲੋਜੀ ਦੇ ਪਾੜੇ ਨੂੰ ਦੂਰ ਕਰਨ ਲਈ ਤਕਨੀਕ ਦੇ ਜਮਹੂਰੀਕਰਨ ’ਤੇ ਜ਼ੋਰ ਦਿੱਤਾ ਤੇ ਜੀ20 ਮੁਲਕਾਂ ਦੇ ਮੰਤਰੀਆਂ ਨੂੰ ਕਿਹਾ ਕਿ ਭਾਰਤ ਆਪਣੇ ਮੁਲਕ ’ਚ ਤਕਨੀਕ ਦੀ ਮਦਦ ਨਾਲ ਆਈਆਂ ਕ੍ਰਾਂਤੀਕਾਰੀ ਤਬਦੀਲੀਆਂ ਦੇ ਤਜਰਬੇ ਸਾਥੀ ਮੁਲਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹੈ।
ਮੋਦੀ ਨੇ ਇੱਥੇ ਵੀਡੀਓ ਸੁਨੇਹੇ ’ਚ ਜੀ-20 ਦੇ ਵਿਕਾਸ ਮੰਤਰੀਆਂ ਨੂੰ ਸੰਬੋਧਨ ਕਰਦਿਆਂ ਬਹੁ-ਪੱਖੀ ਵਿੱਤੀ ਸੰਸਥਾਵਾਂ ’ਚ ਸੁਧਾਰਾਂ ਦੀ ਵੀ ਵਕਾਲਤ ਕੀਤੀ ਤਾਂ ਜੋ ਲੋੜਵੰਦਾਂ ਤੱਕ ਵਿੱਤੀ ਮਦਦ ਪਹੁੰਚਾਉਣ ਲਈ ਉਨ੍ਹਾਂ ਦੀ ਯੋਗਤਾ ਦੇ ਪੈਮਾਨਿਆਂ ’ਚ ਵਾਧਾ ਕੀਤਾ ਜਾ ਸਕੇ। ਉਨ੍ਹਾਂ ਇੰਟਰਨੈੱਟ ਦੀ ਵਧਦੀ ਵਰਤੋਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਰਥਕ ਨੀਤੀ ਨਿਰਮਾਣ, ਪ੍ਰਭਾਵਸ਼ਾਲੀ ਸਰੋਤਾਂ ਦੀ ਵੰਡ ਅਤੇ ਅਸਰਦਾਰ ਲੋਕ ਸੇਵਾ ਮੁਹੱਈਆ ਕਰਨ ਲਈ ਉੱਚ ਮਿਆਰੀ ਡੇਟਾ ਜ਼ਰੂਰੀ ਹੈ।
ਉਨ੍ਹਾਂ ਕਿਹਾ, ‘ਸੂਚਨਾ ਤਕਨਾਲੋਜੀ ਦੇ ਪਾੜੇ ਨੂੰ ਘਟਾਉਣ ’ਚ ਮਦਦ ਲਈ ਤਕਨੀਕ ਦੀ ਜਮਹੂਰੀ ਢੰਗ ਨਾਲ ਵਰਤੋਂ ਸਭ ਤੋਂ ਅਹਿਮ ਹੈ। ਭਾਰਤ ’ਚ ਡਿਜੀਟਲਾਈਜ਼ੇਸ਼ਨ ਨਾਲ ਕ੍ਰਾਂਤੀਕਾਰੀ ਤਬਦੀਲੀ ਆਈ ਹੈ। ਲੋਕਾਂ ਨੂੰ ਸਮਰੱਥ ਬਣਾਉਣ ਲਈ ਡੇਟਾ ਤੱਕ ਲੋਕਾਂ ਦੀ ਪਹੁੰਚ ਸੁਖਾਲੀ ਬਣਾਉਣ ਤੇ ਤਾਲਮੇਲ ਯਕੀਨੀ ਬਣਾਉਣ ਲਈ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ।’ ਉਨ੍ਹਾਂ ਕਿਹਾ ਿਕ ਵਿਚਾਰ ਚਰਚਾ ਕਰਨ ਨਾਲ ਵਿਕਾਸ ਤੇ ਸਪਲਾਈ ਲਈ ਸੂਚਨਾ ਤਕਨੀਕ ਨੂੰ ਉਤਸ਼ਾਹ ਮਿਲੇਗਾ।