ਚੰਡੀਗੜ੍ਹ, 21 ਦਸੰਬਰ
ਨਵੇਂ ਵਰ੍ਹੇ ਤੋਂ ਖੇਤਰੀ ਪਾਸਪੋਰਟ ਦਫਤਰ ਚੰਡੀਗੜ੍ਹ ਨਾਲ ਜੁੜੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਥਾਣਿਆਂ ਦੀ ਪੁਲੀਸ ਪੇਪਰ ਰਹਿਤ ਡਿਜੀਟਲ ਢੰਗ ਨਾਲ ਪਾਸਪੋਰਟ ਵੈਰੀਫਿਕੇਸ਼ਨ ਕਰੇਗੀ। ਇਸ ਤਹਿਤ ਪੁਲੀਸ ਵੈਰੀਫਿਕੇਸ਼ਨ ਦਾ ਕੰਮ ਜਿੱਥੇ ਪੂਰੀ ਤਰ੍ਹਾਂ ਪੇਪਰਲੈੱਸ ਹੋ ਜਾਵੇਗਾ ਉਥੇ ਡਿਜੀਟਲ ਸਿਸਟਮ ਤਹਿਤ ਇਸ ਦੌਰਾਨ ਹੁੰਦੀ ਵਿਆਪਕ ਪੱਧਰ ’ਤੇ ਭ੍ਰਿਸ਼ਟਾਚਾਰ ਨੂੰ ਵੀ ਠੱਲ੍ਹ ਪਵੇਗੀ।
ਖੇਤਰੀ ਪਾਸਪੋਰਟ ਦਫਤਰ ਚੰਡੀਗੜ੍ਹ ਵੱਲੋਂ ਤਿਆਰ ਕੀਤੀ ‘ਪਾਸਪੋਰਟ ਪੁਲੀਸ ਐਪ’ ਤਹਿਤ ਫਿਲਹਾਲ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਹਰੇਕ ਜ਼ਿਲ੍ਹੇ ਵਿੱਚੋਂ ਇੱਕ ਥਾਣੇ ਨੂੰ ਇਸ ਨਾਲ ਜੋੜ ਕੇ ਡਿਜੀਟਲ ਢੰਗ ਨਾਲ ਪਾਸਪੋਰਟ ਵੈਰੀਫਿਕੇਸ਼ਨ ਕਰਨ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਹੈ ਅਤੇ 1 ਜਨਵਰੀ 2018 ਤੋਂ ਪੰਜਾਬ ਤੇ ਹਰਿਆਣਾ ਅਤੇ ਯੂਟੀ ਚੰਡੀਗੜ੍ਹ ਵਿਚਲੇ ਇਸ ਦਫਤਰ ਅਧੀਨ ਆਉਂਦੇ ਸਮੂਹ ਥਾਣੇ ‘ਐਪ’ ਨਾਲ ਜੁੜ ਜਾਣਗੇ। ਖੇਤਰੀ ਪਾਸਪੋਰਟ ਅਫਸਰ ਚੰਡੀਗੜ੍ਹ (ਆਰਪੀਓ) ਸਿਬਾਸ਼ ਕਬੀਰਾਜ ਨੇ ‘ਪਾਸਪੋਰਟ ਪੁਲੀਸ ਐਪ’ ਬਣਾਉਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 1 ਜਨਵਰੀ 2018 ਤੋਂ ਇਸ ਦਫਤਰ ਅਧੀਨ ਆਉਂਦੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਸਮੂਹ ਥਾਣੇ ਇਸ ਸਿਸਟਮ ਅਧੀਨ ਆ ਜਾਣਗੇ ਅਤੇ ਪਾਸਪੋਰਟ ਹੋਰ ਜਲਦੀ ਤਿਆਰ ਹੋਣ ਦੇ ਰਾਹ ਖੁੱਲ੍ਹਣਗੇ ਕਿਉਂਕਿ ਪਾਸਪੋਰਟ ਬਣਨ ਵਿੱਚ ਦੇਰੀ ਜ਼ਿਆਦਾ ਕਰਕੇ ਪੁਲੀਸ ਵੈਰੀਫਿਕੇਸ਼ਨ ਲੇਟ ਆਉਣ ਕਾਰਨ ਹੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਨਾਲ ਪੁਲੀਸ ਪੱਧਰ ’ਤੇ ਭ੍ਰਿਸ਼ਟਾਚਾਰ ਹੋਣ ਦੇ ਆਸਾਰ ਜਿਥੇ ਘਟਣਗੇ ਉਥੇ ਫਰਜ਼ੀ ਪੁਲੀਸ ਵੈਰੀਫਿਕੇਸ਼ਨ ਕਰਨ ਦੀਆਂ ਸੰਭਾਵਨਾਵਾਂ ਨੂੰ ਵੀ ਰੋਕ ਲੱਗੇਗੀ।
ਸ੍ਰੀ ਕਬੀਰਾਜ ਨੇ ਦੱਸਿਆ ਕਿ ਹੁਣ ਇਸ ਐਪ ਤਹਿਤ ਸਾਰਾ ਸਿਸਟਮ ਮੋਬਾਈਲ ਵਿੱਚ ਹੀ ਫਿੱਟ ਹੋ ਜਾਵੇਗਾ, ਜਿਸ ਤਹਿਤ ਪਾਸਪੋਰਟ ਲਈ ਪੁਲੀਸ ਵੈਰੀਫਿਕੇਸ਼ਨ ਕਰਨ ਮੌਕੇ ਪੁਲੀਸ ਮੁਲਾਜ਼ਮਾਂ ਕੋਲ ਕਾਗਜ਼ਾਂ ਦਾ ਥੱਬਾ ਨਹੀਂ ਹੋਵੇਗਾ ਸਗੋਂ ਮੋਬਾਈਲ ਰਾਹੀਂ ਹੀ ਫਾਰਮ ਭਰ ਕੇ ਵੈਰੀਫਿਕੇਸ਼ਨ ਕੀਤੀ ਜਾਵੇਗੀ ਅਤੇ ਸਾਰੀ ਪ੍ਰਕਿਰਿਆ ਪੇਪਰਲੈੱਸ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਬੰਧਿਤ ਪੁਲੀਸ ਮੁਲਾਜ਼ਮ ਮੌਕੇ ’ਤੇ ਹੀ ਮੋਬਾਈਲ ਰਾਹੀਂ ਬਿਨੈਕਾਰ ਅਤੇ ਗਵਾਹਾਂ ਦੀਆਂ ਫੋਟੋਆਂ ਵੀ ਖਿੱਚੇਗਾ, ਜੋ ਫਾਰਮਾਂ ਸਮੇਤ ਬਕਾਇਦਾ ਐਪ ਰਾਹੀਂ ਸਰਵਰ ’ਤੇ ਰਿਕਾਰਡ ਵੀ ਆ ਜਾਣਗੀਆਂ। ਜਿਸ ਕਾਰਨ ਪੁਲੀਸ ਵਲੋਂ ਬਿਨੈਕਾਰ ਦੀ ਮੌਜੂਦਗੀ ਤੋਂ ਬਿਨਾਂ ਹੀ ਪੁਲੀਸ ਵੈਰੀਫਿਕੇਸ਼ਨ ਦੇ ਸ਼ੰਕੇ ਵੀ ਖ਼ਤਮ ਹੋ ਜਾਣਗੇ। ਸ੍ਰੀ ਸਿਬਾਜ਼ ਨੇ ਦੱਸਿਆ ਕਿ ਪਾਸਪੋਰਟ ਪੁਲੀਸ ਐਪ ਨੂੰ ਚਲਾਉਣ ਲਈ ਪੁਲੀਸ ਮੁਲਾਜ਼ਮਾਂ ਨੂੰ ਸਿਖਲਾਈ ਵੀ ਦਿੱਤੀ ਜਾ ਰਹੀ ਹੈ।