ਪ੍ਰਾਚੀਨ ਸਮੇਂ ਤੋਂ ਹੀ ਕੁੱਤਾ, ਮਨੁੱਖ ਦਾ ਪਾਲਤੂ ਤੇ ਵਫ਼ਾਦਾਰ ਪ੍ਰਾਣੀ ਮੰਨਿਆ ਜਾਂਦਾ ਹੈ। ਅੱਜਕੱਲ੍ਹ ਜ਼ਿਆਦਾਤਰ ਘਰਾਂ ਵਿੱਚ ਪਾਲਤੂ ਕੁੱਤਾ ਇੱਕ ਵਿਸ਼ੇਸ਼ ਜੀਅ ਬਣ ਗਿਆ ਹੈ। ਇਨ੍ਹਾਂ ਦੀਆਂ ਕਈ ਪ੍ਰਜਾਤੀਆਂ ਹੁੰਦੀਆਂ ਹਨ। ਮਨੁੱਖਾਂ ਵਾਂਗ ਇਨ੍ਹਾਂ ਦਾ ਪਿਛੋਕੜ ਵੀ ਜੰਗਲੀ ਹੈ। ਜ਼ਿਆਦਾਤਰ ਰਿਸ਼ਤੇਦਾਰ ਅਜੇ ਵੀ ਜੰਗਲਾਂ ਵਿੱਚ ਹੀ ਰਹਿੰਦੇ ਹਨ।
ਕਿਹਾ ਜਾਂਦਾ ਹੈ ਕਿ ਕੁੱਤੇ ਦਾ ਵਿਕਾਸ ਬਘਿਆੜ ਤੇ ਗਿੱਦੜ ਤੋਂ ਹੋਇਆ ਹੈ। ਕਿਸੇ ਜ਼ਮਾਨੇ ਵਿੱਚ ਸਭ ਤੋਂ ਪਹਿਲਾਂ ਮਨੁੱਖ ਨੇ ਬਘਿਆੜ ਨੂੰ ਆਪਣਾ ਪਾਲਤੂ ਜਾਨਵਰ ਬਣਾਇਆ ਸੀ। ਕੁਝ ਸਮੇਂ ਬਾਅਦ ਗਿੱਦੜ ਨੂੰ ਵੀ ਬਣਾ ਲਿਆ। ਫਿਰ ਦੋਵਾਂ ਦੇ ਮਿਲਣ ਨਾਲ ਜੋ ਪ੍ਰਾਣੀ ਪੈਦਾ ਹੋਇਆ ਉਸ ਨੂੰ ਕੁੱਤਾ ਕਿਹਾ ਗਿਆ। ਕੁੱਤੇ ਵਿੱਚ ਬਘਿਆੜ ਤੇ ਗਿੱਦੜ ਦਾ ਸੁਭਾਅ ਪਾਇਆ ਜਾਂਦਾ ਹੈ। ਸਰੀਰਕ ਬਣਤਰ ਵਿੱਚ ਵੀ ਬਹੁਤ ਸਾਰੀਆਂ ਸਮਾਨਤਾਵਾਂ ਪਾਈਆਂ ਜਾਂਦੀਆਂ ਹਨ। ਕੁੱਤਾ ਬਘਿਆੜ ਵਾਂਗ ਸ਼ਿਕਾਰ ਕਰਦਾ ਹੈ। ਗਿੱਦੜ ਵਾਂਗ ਡਰਾਕਲ ਹੈ।
ਸਮਾਂ ਬੀਤਣ ਨਾਲ ਕੁੱਤਾ ਮਨੁੱਖਾਂ ਦੀਆਂ ਬਸਤੀਆਂ ਤੇ ਦਿਲਾਂ ਵਿੱਚ ਵੀ ਆਪਣਾ ਸੁਰੱਖਿਅਤ ਤੇ ਇੱਜ਼ਤ ਵਾਲਾ ਸਥਾਨ ਬਣਾਉਣ ਵਿੱਚ ਕਾਮਯਾਬ ਹੋ ਗਿਆ ਹੈ। ਬਹੁਤ ਘੱਟ ਕੁੱਤੇ ਹੁੰਦੇ ਹਨ ਜਿਨ੍ਹਾਂ ਦੀ ਕਿਸਮਤ ਵਿੱਚ ਘਰੇਲੂ ਜਾਂ ਪਾਲਤੂ ਕੁੱਤੇ ਬਣਨਾ ਲਿਖਿਆ ਹੁੰਦਾ ਹੈ। ਬਹੁਤਿਆਂ ਨੂੰ ਆਵਾਰਾ ਜਾਂ ਗਲੀ ਦੇ ਕੁੱਤੇ ਕਿਹਾ ਜਾਂਦਾ ਹੈ। ਉਨ੍ਹਾਂ ਨਾਲ ਅਕਸਰ ਕੁੱਤੇਖਾਣੀ ਹੁੰਦੀ ਰਹਿੰਦੀ ਹੈ। ਦੁਰਲਾਣ੍ਹਤਾਂ ਉਹ ਧੁਰੋਂ ਲਿਖਵਾ ਕੇ ਲਿਆਉਂਦੇ ਹਨ।
ਮਨੁੱਖਾਂ ਵਾਂਗ ਕੁੱਤਿਆਂ ਦੀਆਂ ਵੀ ਕਈ ਕਿਸਮਾਂ ਹੁੰਦੀਆਂ ਹਨ। ਜਿਨ੍ਹਾਂ ਵਿੱਚ ਜ਼ਿਆਦਾਤਰ ਬਦਮਾਸ਼ ਤੇ ਲੜਾਕੂ ਹੁੰਦੇ ਹਨ। ਸ਼ਰੀਫ਼ ਵਿਰਲਾ ਟਾਵਾਂ ਹੀ ਹੁੰਦਾ ਹੈ। ਭੌਂਕਣਾ ਕੁੱਤੇ ਦਾ ਜਮਾਂਦਰੂ ਸੁਭਾਅ ਤੇ ਹੱਕ ਹੈ। ਦਿਮਾਗ਼ ਨਾਂ-ਮਾਤਰ ਹੋਣ ਕਰਕੇ ਉਹ ਸੋਚ ਨਹੀਂ ਸਕਦਾ।
ਕੁੱਤਿਆਂ ਦਾ ਆਪਣਾ ਇਤਿਹਾਸ ਹੈ, ਪਰ ਮਨੁੱਖਤਾ ਦੇ ਇਤਿਹਾਸ ਵਿੱਚ ਵੀ ਉਹ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ। ਮਹਾਂਭਾਰਤ ਤੇ ਹੋਰ ਪ੍ਰਾਚੀਨ ਗ੍ਰੰਥਾਂ ਵਿੱਚ ਕੁੱਤਿਆਂ ਦਾ ਜ਼ਿਕਰ ਵਾਰ ਵਾਰ ਆਉਂਦਾ ਹੈ।
ਕੁੱਤਿਆਂ ਦਾ ਨਾਂ ਕਹਾਵਤਾਂ ਤੇ ਮੁਹਾਵਰਿਆਂ ਵਿੱਚ ਵੀ ਆਮ ਵਰਤਿਆ ਜਾਂਦਾ ਹੈ ਜਿਵੇਂ ਕੁੱਤੇਖਾਣੀ ਕਰਨੀ ਜਾਂ ਹੋਣੀ, ਕੁੱਤੇ ਬਿੱਲੀ ਦਾ ਵੈਰ ਹੋਣਾ, ਕੁੱਤਾ ਰਾਜ ਬਹਾਲਿਐ ਫਿਰਿ ਚੱਕੀ ਚਟੈ, ਰਿਹਾ ਨਾ ਫਿਰ ਕੁੱਤੇ ਦਾ ਕੁੱਤਾ ਹੀ, ਕੁੱਤੇ ਸੁਭਾਅ ਦਾ ਮਾਲਿਕ ਹੋਣਾ।
ਮਨੁੱਖ ਵਾਂਗ ਕੁੱਤਾ ਸ਼ਾਕਾਹਾਰੀ ਹੋਣ ਦੇ ਨਾਲ ਨਾਲ ਜ਼ਰੂਰਤ ਤੇ ਮੌਕਾ ਮਿਲਣ ਉੱਪਰ ਮਾਸਾਹਾਰੀ ਵੀ ਹੋ ਜਾਂਦਾ ਹੈ। ਜ਼ਿਆਦਾਤਰ ਕੁੱਤਿਆਂ ਨੂੰ ਥਿੰਦੀਆਂ ਵਸਤਾਂ ਹਜ਼ਮ ਨਹੀਂ ਹੁੰਦੀਆਂ। ਜਿਹੜੇ ਹਜ਼ਮ ਕਰਨਾ ਸਿੱਖ ਜਾਂਦੇ ਹਨ ਉਨ੍ਹਾਂ ਨੂੰ ਛੇਤੀ ਹੀ ਚਮੜੀ ਰੋਗ ਲੱਗ ਜਾਂਦਾ ਹੈ। ਮਨੁੱਖਾਂ ਵਾਂਗ ਕੁੱਤਿਆਂ ਦੇ ਬੱਤੀ ਨਹੀਂ ਸਗੋਂ ਬਤਾਲੀ ਦੰਦ ਹੁੰਦੇ ਹਨ ਜਿਨ੍ਹਾਂ ਵਿੱਚੋਂ ਕੁਝ ਵਿਖਾਉਣ ਤੇ ਡਰਾਉਣ ਵਾਸਤੇ, ਕੁਝ ਚੋਭਣ ਤੇ ਕੁਝ ਵੱਢਣ ਵਾਸਤੇ ਹੁੰਦੇ ਹਨ।
ਜਦੋਂ ਦੋ ਨਰ ਅਜਨਬੀ ਕੁੱਤੇ ਇੱਕ ਦੂਸਰੇ ਦੇ ਨੇੜੇ ਆਉਂਦੇ ਹਨ ਤਾਂ ਇਨ੍ਹਾਂ ਦੀਆਂ ਪੂਛਾਂ ਉੱਪਰ ਨੂੰ ਖੜ੍ਹੀਆਂ ਹੁੰਦੀਆਂ ਹਨ। ਇੱਕ ਦੂਸਰੇ ਦੀ ਪੂਛ ਨੂੰ ਸੁੰਘ ਕੇ ਇਹ ਆਪਸ ਵਿੱਚ ਪਛਾਣ ਕੱਢਦੇ ਜਾਪਦੇ ਹਨ। ਬਹੁਤੀ ਵਾਰ ਇਨ੍ਹਾਂ ਵਿੱਚ ਲੜਾਈ ਹੁੰਦੀ ਹੈ। ਆਪੋ ਆਪਣੇ ਦੰਦ ਵਿਖਾ ਕੇ ਇੱਕ ਦੂਸਰੇ ਨੂੰ ਘੂਰਦੇ ਹਨ, ਡਰਾਉਂਦੇ ਹਨ। ਫਿਰ ਅਚਾਨਕ ਇੱਕ ਦੂਸਰੇ ਉੱਪਰ ਟੁੱਟ ਕੇ ਪੈ ਜਾਂਦੇ ਹਨ, ਵੱਢਦੇ ਹਨ। ਲੜਾਈ ਤਦ ਖ਼ਤਮ ਹੁੰਦੀ ਹੈ ਜਦੋਂ ਇੱਕ ਦੌੜ ਜਾਏ ਜਾਂ ਫਿਰ ਦੂਸਰੇ ਅੱਗੇ ਪਿੱਠ ਭਾਰ ਪੈ ਲੱਤਾਂ ਖੜ੍ਹੀਆਂ ਕਰ ਆਪਣੀ ਹਾਰ ਮੰਨ ਲਏ। ਜਿੱਤਿਆ ਹੋਇਆ ਕੁੱਤਾ ਹਾਰੇ ਹੋਏ ਕੁੱਤੇ ਉਪਰ ਆਪਣੇ ਅਗਲੇ ਪੈਰ ਰੱਖ ਕੇ ਆਪਣੀ ਜਿੱਤ ਦਾ ਪ੍ਰਦਰਸ਼ਨ ਕਰਦਾ ਹੈ। ਥੋੜ੍ਹੀ ਦੇਰ ਬਾਅਦ ਮੌਕਾ ਦੇਖ ਹਾਰਿਆ ਕੁੱਤਾ ਆਪਣੀ ਪੂਛ ਪਿਛਲੀਆਂ ਲੱਤਾਂ ਵਿੱਚ ਦੇ ਦੌੜ ਜਾਂਦਾ ਹੈ।
ਕੁੱਤਿਆਂ ਦੇ ਬੱਚਿਆਂ ਭਾਵ ਕਤੂਰਿਆਂ ਨੂੰ ਪਹਿਲੇ ਤਿੰਨ ਹਫ਼ਤੇ ਕੇਵਲ ਆਪਣੀ ਮਾਂ ਦੇ ਦੁੱਧ ਉੱਪਰ ਨਿਰਭਰ ਰਹਿਣਾ ਪੈਂਦਾ ਹੈ। ਉਸ ਤੋਂ ਬਾਅਦ ਉਹ ਠੋਸ ਆਹਾਰ ਲੈਣਾ ਸ਼ੁਰੂ ਕਰ ਦਿੰਦੇ ਹਨ। ਸੱਤ ਕੁ ਹਫ਼ਤਿਆਂ ਬਾਅਦ ਕਤੂਰੇ ਨੌਜਵਾਨ ਕੁੱਤੇ ਬਣ ਜਾਂਦੇ ਹਨ।
ਛੋਟੇ ਤੇ ਵੱਡ ਆਕਾਰੀ ਕੁੱਤੇ ਕਈ ਨਸਲਾਂ ਤੇ ਕਿਸਮਾਂ ਦੇ ਹੁੰਦੇ ਹਨ। ਕਈ ਸਾਰੀ ਉਮਰ ਬਿੱਲੀ ਦੇ ਆਕਾਰ ਦੇ ਹੀ ਰਹਿੰਦੇ ਹਨ ਤੇ ਕਈ ਹੱਟੇ ਕੱਟੇ ਖੋਤੇ ਦੇ ਆਕਾਰ ਦੇ ਹੁੰਦੇ ਹਨ। ਕਈਆਂ ਦੇ ਕੱਦ-ਕਾਠ ਵਿੱਚ ਤਾਂ ਸ਼ੇਰਾਂ ਦਾ ਝਉਲਾ ਵੀ ਪੈਂਦਾ ਹੈ ਤੇ ਕਈਆਂ ਵਿੱਚ ਖੋਤਿਆਂ ਦਾ। ਕਈ ਕੇਵਲ ਭੌਂਕਦੇ ਹੀ ਹਨ, ਪਰ ਵੱਢਦੇ ਨਹੀਂ। ਕਈ ਵੱਢਦੇ ਜ਼ਿਆਦਾ ਤੇ ਭੌਂਕਦੇ ਕਦੇ ਕਦਾਈਂ ਹੀ ਹਨ। ਕੁੱਤਿਆਂ ਦੀ ਸੁਣਨ ਤੇ ਸੁੰਘਣ ਸ਼ਕਤੀ ਮਨੁੱਖ ਤੋਂ ਬਹੁਤ ਤੇਜ਼ ਹੁੰਦੀ ਹੈ, ਪਰ ਦੇਖਣ ਸ਼ਕਤੀ ਕਮਜ਼ੋਰ। ਮਨੁੱਖ ਵਾਂਗ ਇਹ ਵੱਖ ਵੱਖ ਰੰਗਾਂ ਨੂੰ ਨਹੀਂ ਪਛਾਣ ਸਕਦੇ।
ਮਨੁੱਖ ਵਾਸਤੇ ਕੁੱਤੇ ਬਹੁਤ ਹੀ ਉਪਯੋਗੀ ਸਿੱਧ ਹੁੰਦੇ ਹਨ। ਉਸ ਵਾਸਤੇ ਸ਼ਿਕਾਰ ਕਰਦੇ ਹਨ। ਘਰਾਂ ਸਮੇਤ ਉਨ੍ਹਾਂ ਦੀ ਵੀ ਰਾਖੀ ਕਰਦੇ ਹਨ। ਮਨਪ੍ਰਚਾਵਾ ਕਰਦੇ ਹਨ। ਖੇਡਦੇ ਕੁੱਦਦੇ ਵੀ ਹਨ। ਚੋਰਾਂ ਨੂੰ ਸੰਨ੍ਹ ਲਗਾਉਣ ਤੋਂ ਰੋਕਣ ਤੇ ਚੋਰੀ ਹੋਣ ਉੱਪਰ ਉਨ੍ਹਾਂ ਦਾ ਪਤਾ ਲਗਾਉਣ ਵਿੱਚ ਵੀ ਮਦਦ ਕਰਦੇ ਹਨ। ਜਦੋਂ ਕੋਈ ਅਜਨਬੀ ਘਰ ਆਉਂਦਾ ਹੈ ਤਾਂ ਇਹ ਭੌਂਕ ਕੇ ਆਪਣੇ ਮਾਲਿਕਾਂ ਨੂੰ ਅਗੇਤਾ ਸਾਵਧਾਨ ਕਰ ਦਿੰਦੇ ਹਨ। ਜਦੋਂ ਮਾਲਿਕ ਘਰ ਪਰਤਦਾ ਹੈ ਤਾਂ ਇਹ ਪੂਛ ਹਿਲਾ ਤੇ ਜੀਭ ਲਮਕਾ ਉਸ ਦੀ ਆਓਭਗਤ ਕਰਦੇ ਹਨ। ਰਾਲਾਂ ਵਗਾਉਣਾ ਤੇ ਚੱਟਣਾ ਕੁੱਤਿਆਂ ਦੇ ਅਹਿਮ ਲੱਛਣਾਂ ਵਿੱਚੋਂ ਹਨ। ਇਨ੍ਹਾਂ ਦੀ ਜੀਭ ਹਮੇਸ਼ਾ ਲਮਕਦੀ ਰਹਿੰਦੀ ਹੈ।
ਕੁੱਤੇ ਕੇਵਲ ਭੌਂਕਦੇ ਹੀ ਨਹੀਂ ਸਗੋਂ ਬੋਲਦੇ ਵੀ ਹਨ, ਪਰ ਉਹੀ ਲੋਕ ਸਮਝ ਪਾਉਂਦੇ ਹਨ ਜੋ ਉਨ੍ਹਾਂ ਦੀ ਭਾਸ਼ਾ ਦੇ ਜਾਣਕਾਰ ਹੁੰਦੇ ਹਨ। ਜਿਵੇਂ ਜਿਵੇਂ ਇੱਕ ਮਨੁੱਖ ਨੂੰ ਦੂਸਰੇ ਮਨੁੱਖਾਂ ਦੀ ਫਿਤਰਤ ਦੀ ਸਮਝ ਆਉਣ ਲੱਗਦੀ ਹੈ ਉਵੇਂ ਹੀ ਉਸ ਨੂੰ ਕੁੱਤੇ ਜ਼ਿਆਦਾ ਚੰਗੇ ਲੱਗਣ ਲੱਗਦੇ ਹਨ।
ਕੁੱਤਾ ਹੀ ਇਕ ਐਸਾ ਪ੍ਰਾਣੀ ਹੁੰਦਾ ਹੈ ਜੋ ਆਪਣੇ ਆਪ ਤੋਂ ਜ਼ਿਆਦਾ ਪਿਆਰ ਆਪਣੇ ਮਾਲਿਕ ਨੂੰ ਕਰਦਾ ਹੈ। ਮੁਫ਼ਤ ਦੀ ਸਲਾਹ ਹੈ ਕਿ ਜੇਕਰ ਇਨਸਾਨ ਨੂੰ ਕੋਈ ਸੱਚਾ ਦੋਸਤ ਨਾ ਮਿਲੇ ਤਾਂ ਉਸ ਨੂੰ ਘਰ ਵਿੱਚ ਕੁੱਤਾ ਪਾਲ ਲੈਣਾ ਚਾਹੀਦਾ ਹੈ। ਕੁੱਤਾ ਹਮੇਸ਼ਾ ਇੱਕ ਸੱਚਾ ਦੋਸਤ ਹੋ ਨਿਬੜਦਾ ਹੈ। ਇਹ ਜਮਾਂਦਰੂ ਵਫ਼ਾਦਾਰ ਹੁੰਦਾ ਹੈ ਕਦੇ ਵੀ ਧੋਖਾ ਨਹੀਂ ਦਿੰਦਾ। ਕੁੱਤੇ ਦੀ ਵਫ਼ਾਦਾਰੀ ਦੀਆਂ ਉਦਾਹਰਣਾਂ ਆਮ ਦਿੱਤੀਆਂ ਜਾਂਦੀਆਂ ਹਨ। ਕੁੱਤਾ ਕਦੇ ਵੀ ਬੇਈਮਾਨ ਜਾਂ ਭ੍ਰਿਸ਼ਟ ਨਹੀਂ ਹੁੰਦਾ।
ਜੇਕਰ ਤੁਸੀਂ ਭੁੱਖੇ ਕੁੱਤੇ ਨੂੰ ਪੇਟ ਭਰ ਖਾਣਾ ਖਿਲਾਉਗੇ ਤਾਂ ਉਹ ਤੁਹਾਨੂੰ ਕਦੇ ਵੀ ਨਹੀਂ ਵੱਢੇਗਾ। ਇਹ ਇੱਕ ਅਹਿਮ ਫ਼ਰਕ ਹੈ ਮਨੁੱਖ ਤੇ ਕੁੱਤੇ ਵਿੱਚ। ਜੇਕਰ ਤੁਹਾਡੇ ਵੱਲ ਦੇਖ ਕੋਈ ਕੁੱਤਾ ਪੂਛ ਹਿਲਾਉਂਦਾ ਤੁਹਾਡੇ ਵੱਲ ਨਹੀਂ ਆਉਂਦਾ ਤਾਂ ਤੁਹਾਨੂੰ ਘਰ ਜਾ ਕੇ ਆਪਣੇ ਜ਼ਮੀਰ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ।
ਕੁੱਤੇ ਹਮੇਸ਼ਾ ਸੱਚੇ ਸਾਬਿਤ ਹੁੰਦੇ ਹਨ। ਉਹ ਝੂਠ ਨਹੀਂ ਬੋਲਦੇ ਕਿਉਂਕਿ ਉਨ੍ਹਾਂ ਨੂੰ ਬੋਲਣਾ ਨਹੀਂ ਆਉਂਦਾ। ਮਨੁੱਖ ਵਾਸਤੇ ਇਹ ਸੰਸਾਰ ਹੋਰ ਵੀ ਜ਼ਿਆਦਾ ਜਿਉਣ ਯੋਗ ਬਣ ਸਕਦਾ ਹੈ ਜੇਕਰ ਉਹ ਕੁੱਤੇ ਵਾਂਗ ਬਿਨਾਂ ਸ਼ਰਤ ਤੇ ਖਾਲਸ ਪਿਆਰ ਕਰਨਾ ਸਿੱਖ ਜਾਵੇ। ਆਮੀਨ!
ਗੋਵਰਧਨ ਗੱਬੀ