ਚੰਡੀਗੜ੍ਹ, 4 ਅਗਸਤ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਿਹਾ ਕਿ ਦੋ ਰਾਜ ਸਭਾ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮੇਸ਼ਰ ਸਿੰਘ ਦੂਲੋ ਦੀ ਘੋਰ ਅਨੁਸ਼ਾਸਨਹੀਣਤਾ ਵਿਰੁੱਧ ਕਾਰਵਾਈ ਕਰਨ ਲਈ ਉਹ ਪਾਰਟੀ ਦੇ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਣਗੇ ਜਿਨ੍ਹਾਂ ਨੇ ਆਪਣੀ ਸਰਕਾਰ ‘ਤੇ ਹੀ ਹਮਲਾ ਕਰਨ ਦਾ ਰਾਹ ਫੜ ਲਿਆ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਨੇ ਇਸ ਭਿਆਨਕ ਘਟਨਾ ਵਿੱਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਪਰ ਨਾਲ ਹੀ ਕਿਹਾ ਕਿ ਅਜਿਹੇ ਦੁਖਾਂਤ ਕਿਸੇ ਵੀ ਵਿਅਕਤੀ ਨੂੰ ਅਨੁਸ਼ਾਸਨਹੀਣਤਾ ਦਿਖਾਉਣ ਦਾ ਲਾਇਸੰਸ ਨਹੀਂ ਦਿੰਦੇ।
ਸ੍ਰੀ ਜਾਖੜ ਨੇ ਕਿਹਾ ਕਿ ਇਹ ਸਮਾਂ ਸਥਿਤੀ ਨਾਲ ਨਿਪਟਣ ਅਤੇ ਕਾਂਗਰਸ ਪਾਰਟੀ ਨੂੰ ਬਾਜਵਾ ਤੇ ਦੂਲੋ ਵਰਗਿਆਂ ਦੇ ਸੌੜੀਆਂ ਚਾਲਾਂ ਤੋਂ ਬਚਾਉਣ ਦਾ ਹੈ ਜਿਨ੍ਹਾਂ ਨੇ ਉਸੇ ਥਾਲੀ ਵਿੱਚ ਛੇਕ ਕੀਤਾ, ਜਿਹੜੀ ਥਾਲੀ ਵਿੱਚ ਉਨ੍ਹਾਂ ਨੇ ਖਾਧਾ। ਉਨ੍ਹਾਂ ਕਿਹਾ,”ਇਹ ਜਿਹੜੀ ਥਾਲੀ ਵਿੱਚ ਖਾਂਦੇ ਹਨ, ਉਸੇ ਵਿੱਚ ਛੇਕ ਕਰਦੇ ਹਨ।” ਸ੍ਰੀ ਜਾਖੜ ਨੇ ਦੋ ਸੰਸਦ ਮੈਂਬਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜੋ ਆਪਣੀਆਂ ਸਿਆਸੀ ਖਾਹਿਸ਼ਾਂ ਅਤੇ ਮੁਫ਼ਾਦਾਂ ਨੂੰ ਅੱਗੇ ਵਧਾਉਣ ਲਈ ਇਸ ਦੁਖਾਂਤ ਦਾ ਅਪਮਾਨਜਨਕ ਢੰਗ ਨਾਲ ਸ਼ੋਸ਼ਣ ਕਰ ਰਹੇ ਹਨ।
ਪੰਜਾਬ ਕਾਂਗਰਸ ਦੇ ਮੁਖੀ ਨੇ ਕਿਹਾ ਕਿ ਬਾਜਵਾ ਅਤੇ ਦੂਲੋ ਦੀਆਂ ਕਾਰਵਾਈਆਂ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਬਾਜਵਾ ਤੇ ਦੂਲੋ ਵਰਗੇ ਲੋਕ, ਜਿਨ੍ਹਾਂ ਵਿੱਚ ਚੋਣਾਂ ਦਾ ਸਾਹਮਣਾ ਕਰਨ ਦੀ ਵੀ ਹਿੰਮਤ ਨਹੀਂ ਹੈ, ਪਾਰਟੀ ਲਈ ਬੇਮਾਅਨਾ ਹਨ। ਸ੍ਰੀ ਜਾਖੜ ਨੇ ਕਿਹਾ ਕਿ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਅਜਿਹੇ ਮੈਂਬਰਾਂ ਨੂੰ ਕੋਈ ਹੋਰ ਗੰਭੀਰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਬਾਹਰ ਦਾ ਰਸਤਾ ਦਿਖਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੱਸ, ਹੁਣ ਬਹੁਤ ਹੋ ਗਿਆ ਅਤੇ ਉਹ ਪਾਰਟੀ ਦੇ ਕੌਮੀ ਪ੍ਰਧਾਨ ਪਾਸੋਂ ਇਨ੍ਹਾਂ ਖਿਲਾਫ ਗੰਭੀਰ ਕਾਰਵਾਈ ਕਰਨ ਦੀ ਸਪੱਸ਼ਟ ਤੌਰ ‘ਤੇ ਮੰਗ ਕਰਨ ਜਾ ਰਹੇ ਹਨ।
ਸ੍ਰੀ ਜਾਖੜ ਨੇ ਦੋਵਾਂ ਸੰਸਦ ਮੈਂਬਰ ਵੱਲੋਂ ਬੀਤੇ ਦਿਨ ਸ਼ਰਾਬ ਨਾਲ ਹੋਈਆਂ ਮੌਤਾਂ ਦੀ ਜਾਂਚ ਸੀ.ਬੀ.ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਪਾਸੋਂ ਕਰਵਾਉਣ ਦੀ ਮੰਗ ਨੂੰ ਲੈ ਕੇ ਰਾਜਪਾਲ ਨੂੰ ਮਿਲਣ ਦੀ ਕਾਰਵਾਈ ਨੂੰ ਹਰ ਹੀਲੇ ਸੱਤਾ ਦੀ ਕੁਰਸੀ ਹਥਿਆਉਣ ਦੀ ਨਿਰਾਸ਼ ਖਾਹਿਸ਼ ਕਰਾਰ ਦਿੱਤਾ। ਉਨ੍ਹਾਂ ਕਿਹਾ,”ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਦੌਰਾਨ ਬੇਅਦਬੀ ਮਾਮਲਿਆਂ ਦੀ ਸੀ.ਬੀ.ਆਈ. ਜਾਂਚ (ਜੋ ਉਸ ਵੇਲੇ ਪੰਜਾਬ ਪੁਲੀਸ ਪਾਸੋਂ ਆਪਣੇ ਹੱਥਾਂ ਵਿੱਚ ਲੈ ਲਈ ਸੀ) ਜਾਂ ਨਸ਼ਿਆਂ ‘ਤੇ ਈ.ਡੀ. ਦੀ ਜਾਂਚ ਵਿੱਚ ਤੇਜ਼ੀ ਲਿਆਉਣ ਲਈ ਕਿੰਨੇ ਵਾਰ ਆਵਾਜ਼ ਉਠਾਈ ਸੀ?”
ਸ੍ਰੀ ਜਾਖੜ ਨੇ ਕਿਹਾ ਕਿ ਬਾਜਵਾ ਤੇ ਦੂਲੋ ਬੀਤੇ ਕੁਝ ਸਮੇਂ ਤੋਂ ਪੰਜਾਬ ਵਿੱਚ ਕਾਂਗਰਸ ਸਰਕਾਰ ਅਤੇ ਆਪਣੀ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਅਜਿਹੀਆਂ ਪਾਰਟੀ ਵਿਰੋਧੀ ਕਾਰਵਾਈਆਂ ਵਿੱਚ ਲਿਪਤ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2022 ਦੀਆਂ ਚੋਣਾਂ ਲੜਨ ਦਾ ਐਲਾਨ ਕੀਤਾ, ਉਸ ਤੋਂ ਬਾਅਦ ਇਨ੍ਹਾਂ ਲੀਡਰਾਂ ਨੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਦੋਵਾਂ ਸੰਸਦ ਮੈਂਬਰਾਂ ਦੇ ਭਾਰਤੀ ਜਨਤਾ ਪਾਰਟੀ ਨਾਲ ਸੰਪਰਕ ‘ਚ ਹੋਣ ਦੀਆਂ ਅਫਵਾਹਾਂ ਦਾ ਜ਼ਿਕਰ ਕਰਦਿਆਂ ਸਾਲ 2022 ਦੀਆਂ ਚੋਣਾਂ ਇਨ੍ਹਾਂ ਨੂੰ ਸੱਤਾ ਦੇ ਗਲਿਆਰੇ ਦੀਆਂ ਪੌੜੀਆਂ ਚੜ੍ਹਨ ਦੀ ਆਖਰੀ ਉਮੀਦ ਜਾਪਦੀ ਸੀ ਪਰ ਦੋਵਾਂ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਅਤੇ ਨਿਰਾਸ਼ਾ ਦੇ ਆਲਮ ਵਿੱਚ ਡੁੱਬੇ ਇਹ ਲੀਡਰ ਸੱਤਾ ਦੀ ਚੋਟੀ ਦੇ ਰਾਹ ਪੈਣ ਲਈ ਹਰ ਸੰਭਵ ਦਰ ਖੜਕਾ ਰਹੇ ਹਨ।
ਸ੍ਰੀ ਜਾਖੜ ਨੇ ਦੋਵਾਂ ਰਾਜ ਸਭਾ ਮੈਂਬਰਾਂ ਵੱਲੋਂ ਆਪਣੀ ਹੀ ਸਰਕਾਰ ‘ਤੇ ਕੀਤੇ ਹਮਲੇ ਨੂੰ ‘ਕਾਪੀ-ਪੇਸਟ ਨੌਕਰੀ’ ਕਰਾਰ ਦਿੱਤਾ ਕਿਉਂ ਜੋ ਰਾਜਸਥਾਨ ਵਿੱਚ ਅਜਿਹਾ ਹੀ ਵਾਪਰਿਆ ਸੀ ਜਦੋਂ 107 ਬੱਚਿਆਂ ਦੀ ਮੌਤ ਹੋਣ ‘ਤੇ ਸਚਿਨ ਪਾਇਲਟ ਨੇ ਆਪਣੀ ਸਰਕਾਰ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਉਸ ਵੇਲੇ ਪਾਇਲਟ ਖਿਲਾਫ ਕਾਰਵਾਈ ਕੀਤੀ ਹੁੰਦੀ ਤਾਂ ਕਾਂਗਰਸ ਰਾਜਸਥਾਨ ਵਿੱਚ ਪੈਦਾ ਹੋਈ ਮੌਜੂਦਾ ਸਥਿਤੀ ਤੋਂ ਬਚ ਸਕਦੀ ਸੀ। ਸ੍ਰੀ ਜਾਖੜ ਨੇ ਕਿਹਾ ਕਿ ਬਾਜਵਾ ਅਤੇ ਦੂਲੋ ਵੱਲੋਂ ਪਾਰਟੀ ਤੇ ਸਰਕਾਰ ਦੀ ਬਜਾਏ ਲੋਕਾਂ ਵਿੱਚ ਆਪਣੀ ਨਾਰਾਜ਼ਗੀ/ਚਿੰਤਾਵਾਂ ਜ਼ਾਹਰ ਕਰਨ ਦੀ ਘਿਰਨਾਯੋਗ ਕਾਰਵਾਈਆਂ ਨੂੰ ਸੋਨੀਆ ਗਾਂਧੀ ਦੇ ਧਿਆਨ ਵਿੱਚ ਲਿਆਉਣਗੇ।
ਸ੍ਰੀ ਜਾਖੜ ਨੇ ਕਿਹਾ ਕਿ ਦੋਵੇਂ ਆਗੂਆਂ ਵੱਲੋਂ ਦਿਖਾਈ ਜਾ ਰਹੀ ਅਨੁਸ਼ਾਸਨਹੀਣਤਾ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਉਹ ਰਾਜ ਸਭਾ ਵਿੱਚ ਮਹੱਤਵਪੂਰਨ ਮੁੱਦਿਆਂ ‘ਤੇ ਪਾਰਟੀ ਦੇ ਹੱਕ ਵਿੱਚ ਖੜ੍ਹਨਗੇ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਦੋਵੇਂ ਸੰਸਦ ਮੈਂਬਰਾਂ ਦੀ ਸਿਆਸੀ ਹੋਂਦ ਸਿਰਫ ਕਾਂਗਰਸੀ ਹਾਈ ਕਮਾਂਡ ਦੇ ਰਹਿਮੋ ਕਰਮ ‘ਤੇ ਹੈ, ਜਿਨ੍ਹਾਂ ਨੂੰ ਉਦੋਂ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ, ਜਦੋਂ ਉਹ ਆਪਣੇ ਵਿਧਾਨ ਸਭਾ/ਲੋਕ ਸਭਾ ਹਲਕੇ ਤੋਂ ਚੋਣ ਲੜਨ ਤੋਂ ਭੱਜ ਗਏ ਸਨ। ਉਨ੍ਹਾਂ ਪੁਰਾਣੀ ਗੱਲ ਚੇਤੇ ਕਰਦਿਆਂ ਕਿਹਾ ਕਿ ਦਰਅਸਲ ਜਦੋਂ ਰਾਹੁਲ ਗਾਂਧੀ ਨੇ ਵਿਰੋਧ ਦੇ ਬਾਵਜੂਦ ਰਾਹੁਲ ਗਾਂਧੀ ਨੇ ਬਾਜਵਾ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਕੇ ਮੱਦਦ ਕੀਤੀ ਪਰ ਉਸ ਦੀਆਂ ਸੌੜੀਆਂ ਸਿਆਸੀ ਖਾਹਿਸ਼ਾਂ ਨੇ ਰਾਹੁਲ ਗਾਂਧੀ ਨਾਲ ਦਗਾਬਾਜ਼ੀ ਅਤੇ ਪਾਰਟੀ ਨਾਲ ਬੇਭਰੋਸਗੀ ਦਾ ਪਰਦਾਫਾਸ਼ ਕਰ ਦਿੱਤਾ ਜੋ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਵੱਢਣ ਲਈ ਪੱਬਾਂ ਭਾਰ ਹੈ।
ਬਾਜਵਾ ਤੇ ਦੂਲੋਂ ਵੱਲੋਂ ਪ੍ਰਗਟਾਈ ਚਿੰਤਾ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਸ੍ਰੀ ਜਾਖੜ ਨੇ ਇਸ ਦਾਅਵੇ ਨੂੰ ਵੀ ਰੱਦ ਕਰ ਦਿੱਤਾ ਕਿ ਉਨ੍ਹਾਂ ਨੇ ਇਸ ਨਕਲੀ ਸ਼ਰਾਬ ਦੇ ਦੁਖਾਂਤਕ ਮਾਮਲੇ ਉਤੇ ਰਾਜਪਾਲ ਕੋਲ ਉਨ੍ਹਾਂ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਆਗੂਆਂ ਨੇ ਪੰਜਾਬ ਦੇ ਹਿੱਤ ਵਿੱਚ ਕਿਸੇ ਵੀ ਮੰਚ ਉਤੇ ਕੋਈ ਵੀ ਮੁੱਦਾ ਨਹੀਂ ਉਠਾਇਆ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਰਾਜ ਸਭਾ ਵਿੱਚ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਭੇਜਿਆ ਗਿਆ ਹੈ ਪਰ ਦੋਵਾਂ ਨੇ ਹੁਣ ਤੱਕ ਸੂਬੇ ਦੇ ਹਿੱਤ ਵਿੱਚ ਇਕ ਵੀ ਮੁੱਦੇ ਉਤੇ ਆਵਾਜ਼ ਨਹੀਂ ਚੁੱਕੀ। ਸਤਲੁਜ ਯਮਨਾ ਲਿੰਕ ਨਹਿਰ ਤੋਂ ਪੰਜਾਬ ਨੂੰ ਗਰਾਂਟਾਂ ਦੇਣਾ, ਜੀ.ਐਸ.ਟੀ. ਰਿਫੰਡ, ਕੋਵਿਡ ਸਬੰਧੀ ਸਹਾਇਤਾ ਅਤੇ ਹਾਲ ਹੀ ਵਿੱਚ ਜਾਰੀ ਹੋਏ ਕਿਸਾਨ ਵਿਰੋਧੀ ਆਰਡੀਨੈਂਸਾਂ ਆਦਿ ਕਿਸੇ ਵੀ ਮੁੱਦੇ ਉਤੇ ਦੋਵੇਂ ਸੰਸਦ ਮੈਂਬਰਾਂ ਨੇ ਸੰਸਦ ਦੇ ਉਪਰਲੇ ਸਦਨ ਵਿੱਚ ਪੂਰੀ ਤਰ੍ਹਾਂ ਚੁੱਪੀ ਧਾਰ ਲਈ ਜਦੋਂ ਕਿ ਇਹ ਸਾਰੇ ਮਾਮਲੇ ਪੰਜਾਬ ਲਈ ਬਹੁਤ ਮਹੱਤਵਪੂਰਨ ਹਨ। ਸ੍ਰੀ ਜਾਖੜ ਨੇ ਕਿਹਾ ਕਿ ਆਰਟੀਕਲ 370 ਅਤੇ ਸੀ.ਏ.ਏ. ਦੇ ਕੌਮੀ ਮੁੱਦਿਆਂ ਉਤੇ ਵੀ ਆਵਾਜ਼ ਬੁਲੰਦ ਕਰਨ ਵਿੱਚ ਦੋਵੇਂ ਜਣੇ ਲੋਕਾਂ ਦੀਆਂ ਉਮੀਦਾਂ ਉਤੇ ਖਰੇ ਨਹੀਂ ਉਤਰੇ ਜਿਨ੍ਹਾਂ ਦੀ ਰੱਖਿਆ ਕਰਨ ਦਾ ਹੁਣ ਉਹ ਦਾਅਵਾ ਕਰ ਰਹੇ ਹਨ।