ਲੰਡਨ, 16 ਜੂਨ
ਸੰਸਦੀ ਕਮੇਟੀ ਨੇ ਪਾਰਟੀਗੇਟ ਸਕੈਂਡਲ ਨਾਲ ਸਬੰਧਤ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਆਪਣੀ ਡਾਊਨਿੰਗ ਸਟਰੀਟ ਵਿਚਲੀ ਅਧਿਕਾਰਤ ਰਿਹਾਇਸ਼ ’ਤੇ ਕੋਵਿਡ-19 ਨੇਮਾਂ ਦੀ ਉਲੰਘਣਾ ਕਰਕੇ ਦਿੱਤੀਆਂ ਪਾਰਟੀਆਂ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਆਖ ਕੇ ਬ੍ਰਿਟਿਸ਼ ਸੰਸਦ ਨੂੰ ਗੁਮਰਾਹ ਕੀਤਾ ਸੀ।
ਹਾਊਸ ਆਫ਼ ਕਾਮਨਜ਼ ਦੀ ਮਰਿਆਦਾ ਕਮੇਟੀ ਨੇ ਆਪਣੀ ਫਾਈਨਲ ਰਿਪੋਰਟ ਵਿੱਚ ਕਿਹਾ ਕਿ ਜੌਹਨਸਨ ਨੇ ਜੇਕਰ ਅਸਤੀਫਾ ਨਾ ਦਿੱਤਾ ਹੁੰਦਾ ਤਾਂ ਉਹ ਸਾਬਕਾ ਪ੍ਰਧਾਨ ਮੰਤਰੀ ਨੂੰ ਸੰਸਦ ’ਚੋਂ 90 ਦਿਨਾਂ ਲਈ ਮੁਅੱਤਲ ਕੀਤੇ ਜਾਣ ਦੀ ਸਿਫਾਰਸ਼ ਕਰਦੀ। ਉਧਰ ਜੌਹਨਸਨ, ਜਿਨ੍ਹਾਂ ਨੂੰ ਇਸ ਸਕੈਂਡਲ ਕਰਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ, ਨੇ ਖ਼ੁਦ ਨੂੰ ਕਮੇਟੀ ਮੈਂਬਰਾਂ ਦੀ ਕਿੜ ਦਾ ‘ਸ਼ਿਕਾਰ’ ਦੱਸਿਆ ਹੈ। ਜੌਹਨਸਨ ਨੇ ਰਿਪੋਰਟ ਨੂੰ ਜਮਹੂਰੀਅਤ ਲਈ ‘ਡਰਾਉਣਾ ਦਿਨ’ ਕਰਾਰ ਦਿੱਤਾ ਹੈ। ਮਰਿਆਦਾ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ, ‘‘ਜੌਹਨਸਨ ਨੇ ਸਦਨ ਨੂੰ ਜਾਣਬੁੱਝ ਕੇ ਗੁਮਰਾਹ ਕੀਤਾ, ਜੋ ਕਿ ਸੰਸਦ ਦੀ ਗੰਭੀਰ ਹੱਤਕ ਹੈ। ਇਹ ਹੱਤਕ ਹੋਰ ਵੀ ਗੰਭੀਰ ਹੈ ਕਿਉਂਕਿ ਇਹ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਹੈ, ਜੋ ਕਿ ਸਰਕਾਰ ਦੇ ਸਭ ਤੋਂ ਸੀਨੀਅਰ ਮੈਂਬਰ ਹਨ।’’ ਉਧਰ ਜੌਹਨਸਨ ਨੇ ਆਪਣੇ ਜਵਾਬ ਦਾਅਵੇ ਵਿੱਚ ਇਸ ਨੂੰ ਜਮਹੂਰੀਅਤ ਲਈ ‘ਖ਼ੌਫਨਾਕ ਦਿਨ’ ਕਰਾਰ ਦਿੱਤਾ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, ‘‘ਸੰਸਦ ਮੈਂਬਰਾਂ ਤੇ ਜਮਹੂਰੀਅਤ ਲਈ ਇਹ ਡਰਾਉਣਾ ਦਿਨ ਹੈ। ਇਸ ਫੈਸਲੇ ਤੋਂ ਸਾਫ਼ ਹੈ ਕਿ ਕੋਈ ਵੀ ਸੰਸਦ ਮੈਂਬਰ ਬਦਲਾਖੋਰੀ ਦੀ ਸਿਆਸਤ ਤੋਂ ਮੁਕਤ ਨਹੀਂ ਹੈ। ਮੈਂ ਸੰਸਦ ਦੀ ਕੋਈ ਹੱਤਕ ਨਹੀਂ ਕੀਤੀ।’’
ਦੱਸ ਦੇਈਏ ਕਿ ਹਾਊਸ ਆਫ਼ ਕਾਮਨਜ਼ ਦੀ ਮਰਿਆਦਾ ਕਮੇਟੀ ਨੇ ਮਾਰਚ ਮਹੀਨੇ ਆਪਣੀਆਂ ਲੱਭਤਾਂ ਦਾ ਸਾਰ ਪ੍ਰਕਾਸ਼ਿਤ ਕੀਤਾ ਸੀ ਤੇ ਕੋਈ ਵੀ ਫੈਸਲਾ ਸੁਣਾਉਣ ਤੋਂ ਪਹਿਲਾਂ ਜੌਹਨਸਨ ਨੂੰ ਮੌਖਿਕ ਸਬੂਤ ਪੇਸ਼ ਕਰਨ ਲਈ ਸੱਦਿਆ ਸੀ। ਜੌਹਨਸਨ ਨੇ ਕਮੇਟੀ ਦੀ ਫਾਈਨਲ ਰਿਪੋਰਟ ਦੀਆਂ ਲੱਭਤਾਂ ਦਾ ਖਰੜਾ ਮਿਲਣ ਮਗਰੋਂ ਪਿਛਲੇ ਹਫ਼ਤੇ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ ਸੀ। ਜੌਹਨਸਨ ਦੇ ਅਸਤੀਫ਼ੇ ਨਾਲ ਲੰਡਨ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਲਈ ਰਾਹ ਪੱਧਰਾ ਹੋ ਗਿਆ ਹੈ।