ਨਵੀਂ ਦਿੱਲੀ, 13 ਨਵੰਬਰ
ਧਾਰਾ 370 ਨੂੰ ਮਨਸੂਖ਼ ਕਰਨ ਮਗਰੋਂ ਜੰਮੂ-ਕਸ਼ਮੀਰ ਵਿੱਚ ਪਾਬੰਦੀਆਂ ਲਾਉਣ ਕਾਰਨ ਆਮ ਲੋਕਾਂ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ, ਪਰ ਆਈ-ਲੀਗ ਦੀ ਟੀਮ ਰਿਆਲ ਕਸ਼ਮੀਰ ਲਈ ਇਹ ਹਾਲਾਤ ਫ਼ਾਇਦੇਮੰਦ ਰਹੇ ਕਿਉਂਕਿ ਉਸ ਦੇ ਖਿਡਾਰੀਆਂ ਨੂੰ ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਮਿਲੀ। ਰਿਆਲ ਕਸ਼ਮੀਰ ਦੇ ਘਰੇਲੂ ਮੈਚਾਂ ਦੀ ਜਰਸੀ ਅੱਜ ਇੱਥੇ ਲਾਂਚ ਕਰਨ ਮਗਰੋਂ ਟੀਮ ਦੇ ਸਹਿ ਮਾਲਕ ਸੰਦੀਪ ਚਾਟੂ, ਕੋਚ ਡੇਵਿਡ ਰੋਬਰਟਸਨ, ਮੁਹੰਮਦ ਹਮਾਦ ਅਤੇ ਕੈਲਮ ਹਿਗਿਨਬਾਥਮ ਮੌਜੂਦ ਸਨ।
ਟੀਮ ਦੇ ਮਾਲਕ ਸੰਦੀਪ ਚਾਟੂ ਅਤੇ ਮੁੱਖ ਖਿਡਾਰੀਆਂ ਵਿੱਚ ਸ਼ਾਮਲ ਮੁਹੰਮਦ ਹਮਾਦ ਨੇ ਕਿਹਾ ਕਿ ਕਸ਼ਮੀਰ ਵਿੱਚ ਇੰਟਰਨੈੱਟ ਅਤੇ ਫੋਨ ’ਤੇ ਲੱਗੀਆਂ ਰੋਕਾਂ ਕਾਰਨ ਖਿਡਾਰੀਆਂ ਨੂੰ ਇੱਕ-ਦੂਜੇ ਨੂੰ ਚੰਗੇ ਤਰ੍ਹਾਂ ਸਮਝਣ ਵਿੱਚ ਮਦਦ ਮਿਲੀ, ਜਿਸ ਸਦਕਾ ਟੀਮ ਹੋਰ ਮਜ਼ਬੂਤ ਹੋਈ ਹੈ। ਚਾਟੂ ਨੇ ਕਿਹਾ, ‘‘ਕਸ਼ਮੀਰ ਵਿੱਚ ਪਾਬੰਦੀਆਂ ਕਾਰਨ ਖਿਡਾਰੀਆਂ ਅਤੇ ਕੋਚਿੰਗ ਸਟਾਫ਼ ਨੂੰ ਜ਼ਿਆਦਾਤਰ ਸਮਾਂ ਹੋਟਲ ਦੇ ਅੰਦਰ ਹੀ ਰਹਿਣਾ ਪੈਂਦਾ ਸੀ, ਜਿੱਥੇ ਫੋਨ ਅਤੇ ਇੰਟਰਨੈੱਟ ਦੀ ਸਹੂਲਤ ਵੀ ਨਹੀਂ ਸੀ। ਹਾਲਾਂਕਿ ਇਸ ਦਾ ਟੀਮ ਨੂੰ ਫ਼ਾਇਦਾ ਹੋਇਆ ਕਿਉਂਕਿ ਬਾਹਰੀ ਸੰਪਰਕ ਨਾ ਹੋਣ ਕਾਰਨ ਟੀਮ ਦੇ ਖਿਡਾਰੀ ਆਪਸ ਵਿੱਚ ਇੱਕ-ਦੂਜੇ ਨਾਲ ਫੁਟਬਾਲ ਬਾਰੇ ਗੱਲਬਾਤ ਕਰਦੇ ਸਨ।’’ ਹਮਾਦ ਨੇ ਕਿਹਾ, ‘‘ਇਹ ਸੱਚ ਹੈ ਕਿ ਕਸ਼ਮੀਰ ਵਿੱਚ ਪਾਬੰਦੀਆਂ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਪਰ ਮੁਸ਼ਕਲ ਹਾਲਾਤ ਟੀਮ ਲਈ ਲਾਹੇਵੰਦ ਰਹੇ। ਇਸ ਦੌਰਾਨ ਸਾਨੂੰ ਖੇਡ ਬਾਰੇ ਗੱਲਬਾਤ ਕਰਨ ਅਤੇ ਉਸ ਨੂੰ ਮੈਦਾਨ ’ਤੇ ਉਤਾਰਨ ਦਾ ਸਮਾਂ ਮਿਲਿਆ। ਪਾਬੰਦੀਆਂ ਕਾਰਨ ਅਸੀਂ ਇੱਕ-ਦੂਜੇ ਨਾਲ ਪਰਿਵਾਰਕ ਮੈਂਬਰਾਂ ਵਾਂਗ ਰਹਿੰਦੇ ਹਾਂ।’’ ਟੀਮ ਇਸ ਸਾਲ ਤਿੰਨ ਦਸੰਬਰ ਨੂੰ ਈਸਟ ਬੰਗਾਲ ਖ਼ਿਲਾਫ਼ ਆਈ-ਲੀਗ ਵਿੱਚ ਆਪਣੀ ਮੁਹਿੰਮ ਸ਼ੁਰੂ ਕਰੇਗੀ, ਜਦਕਿ ਉਸ ਨੇ 12 ਦਸੰਬਰ ਨੂੰ ਆਪਣਾ ਪਹਿਲਾ ਘਰੇਲੂ ਮੈਚ ਗੋਕੁਲਮ ਕੇਰਲ ਐੱਫਸੀ ਨਾਲ ਖੇਡਣਾ ਹੈ।