ਤਹਿਰਾਨ : ਸ਼ੀਆ ਯਾਤਰੀਆਂ ਨੂੰ ਪਾਕਿਸਤਾਨ ਤੋਂ ਇਰਾਕ ਲਿਜਾ ਰਹੀ ਇੱਕ ਬੱਸ ਕੇਂਦਰੀ ਇਰਾਨ ’ਚ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱੱਟ 28 ਵਿਅਕਤੀ ਮਾਰੇ ਗਏ ਜਦਕਿ 23 ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਰਾਨ ਦੀ ਸਰਕਾਰੀ ਖ਼ਬਰ ਏਜੰਸੀ ‘ਇਰਨਾ’ (ਆਈਆਰਐੱਨਏ) ਨੇ ਸਥਾਨਕ ਐਮਰਜੈਂਸੀ ਸਰਵਿਸ ਅਫ਼ਸਰ ਮੁਹੰਮਦ ਅਲੀ ਮਲਕਜ਼ਾਦੇਹ ਦੇ ਹਵਾਲੇ ਨਾਲ ਦੱਸਿਆ ਕਿ ਇਹ ਹਾਦਸਾ ਮੰਗਲਵਾਰ ਦੇਰ ਰਾਤ ਰਾਜਧਾਨੀ ਤਹਿਰਾਨ ਤੋਂ ਲਗਪਗ 500 ਕਿਲੋਮੀਟਰ ਦੂਰ ਦੱਖਣ-ਪੂਰਬ ’ਚ ਯਜ਼ਦ ਸੂਬੇ ’ਚ ਵਾਪਰਿਆ। ਮਲਕਜ਼ਾਦੇਹ ਮੁਤਾਬਕ ਹਾਦਸੇ ’ਚ ਜ਼ਖ਼ਮੀ ਹੋਏ 23 ਵਿਅਕਤੀਆਂ ਵਿੱਚੋਂ 14 ਗੰਭੀਰ ਹਨ।
ਉਨ੍ਹਾਂ ਦੱਸਿਆ ਕਿ ਹਾਦਸੇ ਸਮੇਂ ਬੱਸ ’ਚ ਕੁੱਲ 51 ਵਿਅਕਤੀ ਸਵਾਰ ਸਨ ਤੇ ਸਾਰੇ ਪਾਕਿਸਤਾਨੀ ਹਨ। ਇਰਾਨ ਦੇ ਸਰਕਾਰੀ ਨਿਊਜ਼ ਚੈਨਲ ਨੇ ਹਾਦਸਾਗ੍ਰਸਤ ਬੱਸ ਦੀਆਂ ਤਸਵੀਰਾਂ ਨਸ਼ਰ ਕੀਤੀਆਂ ਹਨ ਜਿਨ੍ਹਾਂ ਵਿੱਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਹੋਈ ਅਤੇ ਛੱਤ ਤੇ ਖੁੱਲ੍ਹੀਆਂ ਬਾਰੀਆਂ ਦਿਖਾਈ ਦੇ ਰਹੀਆਂ ਹਨ। ਚੈਨਲ ’ਤੇ ਪ੍ਰਸਾਰਿਤ ਖ਼ਬਰ ’ਚ ਮਲਕਜ਼ਾਦੇਹ ਨੇ ਹਾਦਸੇ ਲਈ ਬੱਸ ਦੀਆਂ ਬਰੇਕਾਂ ਫੇਲ੍ਹ ਹੋਣ ਤੇ ਡਰਾਈਵਰ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸੇ ਦੌਰਾਨ ਪਾਕਿਸਤਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਵਿੱਚ ਦੱਖਣੀ ਸਿੰਧ ਸੂਬੇ ਦੇ ਸ਼ਹਿਰ ਲੜਕਾਨਾ ਦੇ ਯਾਤਰੀ ਸਵਾਰ ਸਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਹਾਦਸੇ ’ਤੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਜ਼ਖਮੀਆਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਪਾਕਿਸਤਾਨੀ ਯਾਤਰੀ ਇਸਲਾਮੀ ਦਿਹਾੜੇ ‘ਅਰਬਈਨ’ ਲਈ ਜਾ ਰਹੇ ਸਨ।