ਲੰਡਨ, 6 ਜੁਲਾਈ
ਸ਼ਾਹੀਨ ਸ਼ਾਹ ਅਫਰੀਦੀ ਦੀਆਂ ਛੇ ਵਿਕਟਾਂ ਦੀ ਬਦੌਲਤ ਪਾਕਿਸਤਾਨ ਨੇ ਇੱਥੇ ਬੰਗਲਾਦੇਸ਼ ਨੂੰ 94 ਦੌੜਾਂ ਨਾਲ ਹਰਾ ਦਿੱਤਾ ਹੈ ਪਰ ਟੀਮ ਸੈਮੀ ਫਾਈਨਲ ਵਿੱਚ ਪੁੱਜਣ ਦਾ ਟੀਚਾ ਹਾਸਲ ਨਹੀਂ ਕਰ ਸਕੀ। ਇਮਾਮ-ਉਲ-ਹੱਕ ਦੇ ਸੈਂਕੜੇ ਤੇ ਬਾਬਰ ਆਜ਼ਮ ਦੀਆਂ 96 ਦੌੜਾਂ ਦੀ ਬਦੌਲਤ ਪਾਕਿਸਤਾਨ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨੌ ਵਿਕਟਾਂ ਉੱਤੇ 315 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਬੰਗਲਾਦੇਸ਼ ਦੀ ਟੀਮ 44.1 ਓਵਰਾਂ ਵਿੱਚ 221 ਦੌੜਾਂ ਬਣਾ ਕੇ ਆਊਟ ਹੋ ਗਈ।ਇਸ ਵਿਸ਼ਵ ਕੱਪ ਵਿੱਚ ਹੁਣ ਤੱਕ ਸਭ ਤੋਂ ਵੱਧ 606 ਦੌੜਾਂ ਬਣਾਉਣ ਵਾਲੇ ਸ਼ਾਕਿਬ ਅਲ ਹਸਨ (64) ਨੂੰ ਛੱਡ ਕੇ ਪਾਕਿ ਦਾ ਕੋਈ ਵੀ ਬੱਲੇਬਾਜ਼ ਟਿਕ ਨਹੀਂ ਸਕਿਆ। ਸ਼ਹੀਨ ਨੇ 9.1 ਓਵਰਾਂ ਵਿੱਚ 35 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ,ਜੋ ਵਿਸ਼ਵ ਕੱਪ ਵਿੱਚ ਕਿਸੇ ਪਾਕਿਸਤਾਨੀ ਗੇਂਦਬਾਜ਼ ਦਾ ਸਭ ਤੋਂ ਸ਼ਾਨਦਾਰ ਸਕੋਰ ਹੈ। ਪਾਕਿਸਤਾਨ ਦੀ ਟੀਮ ਨੂੰ ਹਾਲਾਂ ਕਿ ਕੋਈ ਚਮਤਕਾਰ ਹੀ ਸੈਮੀ ਫਾਈਨਲ ਵਿੱਚ ਪਹੁੰਚਾ ਸਕਦਾ ਸੀ, ਕਿਉਂਕਿ ਉਸ ਨੇ ਪੂਰੀ ਬੰਗਲਾਦੇਸ਼ ਦੀ ਟੀਮ ਨੂੰ 7 ਦੌੜਾਂ ਉੱਤੇ ਆਊਟ ਕਰਨਾ ਸੀ ਤਾਂ ਜੋ ਉਹ ਨਿਊਜ਼ੀਲੈਂਡ ਦੀ ਟੀਮ ਨੂੰ ਪਛਾੜ ਸਕੇ,ਜੋ ਕਿ ਸੰਭਵ ਨਹੀਂ ਸੀ।
ਇਸ ਤੋਂ ਪਹਿਲਾਂ ਭਾਰਤ, ਆਸਟਰੇਲੀਆ ਅਤੇ ਇੰਗਲੈਂਡ ਪਹਿਲਾਂ ਹੀ ਸੈਮੀ-ਫਾਈਨਲ ਵਿੱਚ ਪਹੁੰਚ ਚੁੱਕੇ ਹਨ। ਪਾਕਿਸਤਾਨ ਦੀ ਹੌਸਲਾ ਅਫ਼ਜ਼ਾਈ ਲਈ ਇੱਥੇ ਵੱਡੀ ਗਿਣਤੀ ਵਿੱਚ ਉਸ ਦੇ ਪ੍ਰਸ਼ੰਸਕ ਮੌਜੂਦ ਸਨ। ਪਹਿਲੇ ਦਸ ਓਵਰਾਂ ਵਿੱਚ ਉਸ ਨੇ ਇੱਕ ਵਿਕਟ ’ਤੇ 38 ਦੌੜਾਂ ਬਣਾਈਆਂ। ਇਮਾਮ ਅਤੇ ਬਾਬਰ ਨੇ ਦੂਜੀ ਵਿਕਟ ਲਈ 150 ਦੌੜਾਂ ਦੀ ਭਾਈਵਾਲੀ 146 ਗੇਂਦਾਂ ਵਿੱਚ ਪੂਰੀ ਕੀਤੀ। ਬਾਬਰ ਸੈਂਕੜੇ ਤੋਂ ਚਾਰ ਦੌੜਾਂ ਨਾਲ ਖੁੰਝ ਗਿਆ ਅਤੇ 98 ਗੇਂਦਾਂ ਵਿੱਚ 11 ਚੌਕਿਆਂ ਦੀ ਮਦਦ ਨਾਲ 96 ਦੌੜਾਂ ਬਣਾ ਕੇ ਆਊਟ ਹੋ ਗਿਆ। ਇਮਾਮ ਪੂਰੀਆਂ 100 ਦੌੜਾਂ ਪੂਰੀਆਂ ਕਰਕੇ 42ਵੇਂ ਓਵਰ ਵਿੱਚ ਆਪਣੀ ਵਿਕਟ ਗੁਆ ਬੈਠਾ। ਬਾਬਰ ਨੂੰ ਮੁਹੰਮਦ ਸੈਫ਼ੂਦੀਨ ਨੇ ਬੋਲਡ ਕੀਤਾ, ਜਦਕਿ ਇਮਾਮ ਮੁਸਤਾਫ਼ਿਜ਼ੁਰ ਰਹਿਮਾਨ ਦੀ ਗੇਂਦ ’ਤੇ ਹਿੱਟ ਵਿਕਟ ਆਊਟ ਹੋਇਆ। ਪਾਕਿਸਤਾਨ ਦਾ ਸਕੋਰ 42ਵੇਂ ਓਵਰ ਵਿੱਚ ਤਿੰਨ ਵਿਕਟਾਂ ’ਤੇ 246 ਦੌੜਾਂ ਸੀ। ਮੁਹੰਮਦ ਹਫ਼ੀਜ਼ ਅਗਲੇ ਓਵਰ ਵਿੱਚ ਮੇਹਦੀ ਹਸਨ ਮਿਰਾਜ਼ ਦੀ ਗੇਂਦ ’ਤੇ ਸ਼ਾਕਿਬ ਅਲ ਹਸਨ ਨੂੰ ਕੈਚ ਦੇ ਕੇ ਪਰਤਿਆ। ਪਾਕਿਸਤਾਨ ਨੂੰ ਬਹੁਤ ਤੇਜ਼ ਦੌੜਾਂ ਬਣਾਉਣ ਦੀ ਲੋੜ ਸੀ, ਪਰ ਪਾਰੀ ਦਾ ਪਹਿਲਾ ਛੱਕਾ 47ਵੇਂ ਓਵਰ ਵਿੱਚ ਇਮਾਦ ਵਸੀਮ ਨੇ ਜੜਿਆ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਫਖ਼ਰ ਜ਼ਮਾਨ ਦੀ ਖ਼ਰਾਬ ਲੈਅ ਲਗਾਤਾਰ ਜਾਰੀ ਰਹੀ ਅਤੇ ਉਹ 31 ਗੇਂਦਾਂ ਵਿੱਚ 13 ਦੌੜਾਂ ਬਣਾ ਕੇ ਸੈਫ਼ੂਦੀਨ ਦਾ ਪਹਿਲਾ ਸ਼ਿਕਾਰ ਬਣਿਆ। ਬੰਗਲਾਦੇਸ਼ ਲਈ ਮੁਸਤਾਫ਼ਿਜ਼ੁਰ ਰਹਿਮਾਨ ਨੇ ਪੰਜ ਵਿਕਟਾਂ ਲਈਆਂ, ਪਰ ਦਸ ਓਵਰਾਂ ਵਿੱਚ 75 ਦੌੜਾਂ ਦਿੱਤੀਆਂ। ਬੰਗਲਾਦੇਸ਼ ਨੂੰ ਹਰਾਉਣ ’ਤੇ ਪਾਕਿਸਤਾਨ ਦੇ 11 ਅੰਕ ਹੋ ਜਾਣਗੇ, ਪਰ ਨੈੱਟ ਰਨ ਰੇਟ ਵਿੱਚ ਉਹ ਨਿਊਜ਼ੀਲੈਂਡ ਤੋਂ ਕਾਫ਼ੀ ਪਿੱਛੇ ਹੈ।