ਕਰਾਚੀ: ਪਾਕਿਸਤਾਨ ਦੇ ਮੁੱਖ ਕੋਚ ਅਤੇ ਮੁੱਖ ਚੋਣਕਾਰ ਮਿਸਬਾਹ-ਉੱਲ-ਹੱਕ ਨੇ ਆਲੋਚਕਾਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਸ ਕੋਲ ਟੀਮ ਦੀ ਤਕਦੀਰ ਰਾਤੋਂ-ਰਾਤ ਬਦਲਣ ਲਈ ਕੋਈ ਜਾਦੂ ਦੀ ਛੜੀ ਨਹੀਂ ਹੈ। ਉਸ ਨੇ ਇਸ ਦੇ ਨਾਲ ਹੀ ਕਿਹਾ ਕਿ ਜੇਕਰ ਉਹ ਕੁੱਝ ਸਮੇਂ ਦੌਰਾਨ ਨਤੀਜੇ ਨਹੀਂ ਦੇ ਸਕਿਆ ਤਾਂ ਅਹੁਦਾ ਛੱਡ ਦੇਵੇਗਾ। ਸਾਬਕਾ ਕਪਤਾਨ ਮਿਸਬਾਹ ਨੇ ਲਾਹੌਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀਲੰਕਾ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਲਈ ਟੀਮ ਦਾ ਐਲਾਨ ਕੀਤਾ। ਉਸ ਤੋਂ ਪਾਕਿਸਤਾਨ ਦੇ ਹਾਲੀਆ ਖ਼ਰਾਬ ਪ੍ਰਦਰਸ਼ਨ ਸਬੰਧੀ ਕਈ ਸਵਾਲ ਪੁੱਛੇ ਗਏ। ਮਿਸਬਾਹ ਨੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ‘‘ਤੁਸੀਂ ਕੀ ਚਾਹੁੰਦੇ ਹੋ। ਤੁਹਾਨੂੰ ਸਮਝਣਾ ਹੋਵੇਗਾ ਕਿ ਮੇਰੇ ਕੋਲ ਕੋਈ ਜਾਦੂ ਦੀ ਛੜੀ ਨਹੀਂ। ਖਿਡਾਰੀਆਂ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਸਮਾਂ ਦੇਣਾ ਹੋਵੇਗਾ ਅਤੇ ਇੱਕ ਪ੍ਰਕਿਰਿਆ ਦਾ ਸਾਹਮਣਾ ਕਰਨਾ ਹੋਵੇਗਾ।’’ ਉਸ ਨੇ ਕਿਹਾ ਕਿ ਜੇਕਰ ਪਾਕਿਸਤਾਨੀ ਟੀਮ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਤਾਂ ਉਹ ਅਹੁਦਾ ਛੱਡ ਦੇਣਗੇ।