ਇਸਲਾਮਾਬਾਦ, 22 ਅਗਸਤ
ਸਰਕਾਰੀ ਭੇਤਾਂ ਬਾਰੇ ਐਕਟ ਤਹਿਤ ਦਰਜ ਕੇਸਾਂ ਦੀ ਸੁਣਵਾਈ ਲਈ ਪਾਕਿਸਤਾਨ ਸਰਕਾਰ ਨੇ ਅੱਜ ਇਕ ਵਿਸ਼ੇਸ਼ ਅਦਾਲਤ ਦੀ ਸਥਾਪਨਾ ਕੀਤੀ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਅੱਜ ਇਸ ਅਦਾਲਤ ਅੱਗੇ ਪੇਸ਼ ਕੀਤਾ ਗਿਆ। ਕੁਰੈਸ਼ੀ ਖ਼ਿਲਾਫ਼ ਇਸ ਕਾਨੂੰਨ ਤਹਿਤ ‘ਸਾਇਫਰ’ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਡਿਪਲੋਮੈਟਿਕ ਕੇਬਲ ਲੀਕ ਕਰਨ ਨਾਲ ਸਬੰਧਤ ਹੈ।
ਇਮਰਾਨ ਦੀ ਪਾਰਟੀ ‘ਪੀਟੀਆਈ’ ਦੇ ਉਪ ਚੇਅਰਮੈਨ ਕੁਰੈਸ਼ੀ ਨੂੰ ਸ਼ਨਿਚਰਵਾਰ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫਆਈਏ) ਨੇ ਗ੍ਰਿਫ਼ਤਾਰ ਕੀਤਾ ਸੀ। ਇਸ ‘ਸਾਇਫਰ’ (ਖੁਫ਼ੀਆ ਡਿਪਲੋਮੈਟਿਕ ਕੇਬਲ) ਵਿਚ ਅਮਰੀਕੀ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਤੇ ਪਾਕਿਸਤਾਨੀ ਦੂਤ ਅਸਦ ਮਜੀਦ ਖਾਨ ਵਿਚਾਲੇ ਪਿਛਲੇ ਸਾਲ ਹੋਈ ਮੀਟਿੰਗ ਦਾ ਵੇਰਵਾ ਸੀ।
ਇਸ ਮੀਟਿੰਗ ਵਿਚ ਦੱਖਣ ਤੇ ਕੇਂਦਰੀ ਏਸ਼ਿਆਈ ਮਾਮਲਿਆਂ ਬਾਰੇ ਅਮਰੀਕੀ ਵਿਦੇਸ਼ ਵਿਭਾਗ ਦੀ ਬਿਊਰੋ ਦੇ ਮੁਖੀ (ਸਹਾਇਕ ਸੈਕਟਰੀ) ਡੌਨਲਡ ਲੂ ਵੀ ਸ਼ਾਮਲ ਸਨ। ਕੁਰੈਸ਼ੀ ਖ਼ਿਲਾਫ਼ ਕੇਸ ਦੀ ਸੁਣਵਾਈ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਜੱਜ ਨੇ ਅਣਅਧਿਕਾਰਤ ਲੋਕਾਂ ਨੂੰ ਕੋਰਟ ਤੋਂ ਬਾਹਰ ਭੇਜਣ ਦਾ ਹੁਕਮ ਦੇ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਰਕਾਰੀ ਭੇਤਾਂ ਨਾਲ ਸਬੰਧਤ ਹੈ, ਇਸ ਲਈ ਢੁੱਕਵੇਂ ਲੋਕ ਹੀ ਅੰਦਰ ਰਹਿਣ।
ਐਫਆਈਏ ਦੀ ਟੀਮ ਇਸ ਮੌਕੇ ਅਦਾਲਤ ਵਿਚ ਹਾਜ਼ਰ ਰਹੀ ਤੇ ਬਾਹਰ ਪੁਲੀਸ ਦੀ ਸਖ਼ਤ ਤਾਇਨਾਤੀ ਕੀਤੀ ਗਈ ਸੀ। ‘ਪੀਟੀਆਈ’ ਦੇ ਸੀਨੀਅਰ ਵਕੀਲ ਅਦਾਲਤ ਵਿਚ ਮੌਜੂਦ ਸਨ। ਸੁਣਵਾਈ ਦੇ ਸ਼ੁਰੂ ਵਿਚ ਐਫਆਈਏ ਨੇ ਕੁਰੈਸ਼ੀ ਦੇ ਵਿਅਕਤੀਗਤ ਰਿਮਾਂਡ ਦੀ ਮੰਗ ਕੀਤੀ ਤਾਂ ਜੋ ਕਥਿਤ ਗੁਆਚਿਆ ‘ਸਾਇਫਰ’ ਬਰਾਮਦ ਕੀਤਾ ਜਾ ਸਕੇ। ਜਦਕਿ ਪੀਟੀਆਈ ਦੇ ਵਕੀਲਾਂ ਨੇ ਇਸ ਦਾ ਵਿਰੋਧ ਕੀਤਾ।