ਇਸਲਾਮਾਬਾਦ (ਪਾਕਿਸਤਾਨ), 28 ਜਨਵਰੀ
ਇਸਲਾਮਾਬਾਦ ਪੁਲੀਸ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਦੀ ਇਥੇ ਸਥਿਤ ਰਿਹਾਇਸ਼ ‘ਬਨੀ ਗਾਲਾ’ ਦੀ ਸੁਰੱਖਿਆ ਵਾਪਸ ਲੈ ਲਈ ਹੈ। ਇਸੇ ਦੌਰਾਨ ਖੈਬਰ ਪਖਤੂਨਖਵਾ ਦੀ ਕਾਰਜਕਾਰੀ ਸਰਕਾਰ ਨੇ ਵੀ ਇਮਰਾਨ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਪੁਲੀਸ ਅਧਿਕਾਰੀ ਵਾਪਸ ਬੁਲਾ ਲਏ ਹਨ। ਜ਼ਿਕਰਯੋਗ ਹੈ ਕਿ ਇਮਰਾਨ ਖਾਨ ਨੇ ਦੋਸ਼ ਲਾਇਆ ਸੀ ਕਿ ਸਾਬਕਾ ਰਾਸ਼ਟਰਪਤੀ ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਹਿ-ਚੇਅਰਮੈਨ ਆਸਿਫ ਅਲੀ ਜ਼ਰਦਾਰੀ ਨੇ ਉਨ੍ਹਾਂ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ ਤੇ ਇਸ ਮੰਤਵ ਲਈ ਇਕ ਅਤਿਵਾਦੀ ਗਰੋਹ ਨੂੰ ਕੰਟਰੈਕਟ ਵੀ ਦਿੱਤਾ ਗਿਆ ਸੀ। ਇਮਰਾਨ ਵੱਲੋਂ ਲਾਏ ਇਨ੍ਹਾਂ ਦੋਸ਼ਾਂ ਮਗਰੋਂ ਉਨ੍ਹਾਂ ਦੀ ਸੁਰੱਖਿਆ ਹਟਾ ਲਈ ਗਈ ਹੈ। ਦੱਸਣਯੋਗ ਹੈ ਕਿ ਵਜ਼ੀਰਾਬਾਦ ਵਿੱਚ ਇਮਰਾਨ ਖਾਨ ’ਤੇ ਹੋਏ ਹਮਲੇ ਮਗਰੋਂ ਖੈਬਰ ਪਖਤੂਨਖਵਾ ਪ੍ਰਾਂਤ ਦੇ 50 ਪੁਲੀਸ ਅਧਿਕਾਰੀ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਸਨ। ‘ਦਿ ਨਿਊਜ਼ ਇੰਟਰਨੈਸ਼ਨਲ’ ਅਨੁਸਾਰ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਦੀ 22 ਜਨਵਰੀ ਨੂੰ ਹੋਈ ਨਿਯੁਕਤੀ ਮਗਰੋਂ ਸੂਬਾਈ ਸਰਕਾਰ ਨੇ ਖੈਬਰ ਪਖਤੂਨਖਵਾ ਦੀ ਸਰਕਾਰ ਨੂੰ 24 ਜਨਵਰੀ ਨੂੰ ਪੱਤਰ ਭੇਜਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇਮਰਾਨ ਖਾਨ ਦੀ ਸੁਰੱਖਿਆ ਵਾਪਸ ਲੈ ਲਈ ਜਾਵੇ।