ਇਸਲਾਮਾਬਾਦ, 23 ਨਵੰਬਰ

ਪਾਕਿਸਤਾਨ ਦੇ ਨਵੇਂ ਥਲ ਸੈਨਾ ਮੁਖੀ ਦੀ ਨਿਯੁਕਤੀ ਬਾਰੇ ਬੇਯਕੀਨੀ ਦੂਰ ਹੁੰਦੀ ਨਜ਼ਰ ਆ ਰਹੀ ਹੈ। ਸਰਕਾਰ ਨੇ ਅੱਜ ਐਲਾਨ ਕੀਤਾ ਕਿ ਉਸ ਨੂੰ ਮੌਜੂਦਾ ਜਨਰਲ ਕਮਰ ਜਾਵੇਦ ਬਾਜਵਾ ਦੀ ਥਾਂ ਲੈਣ ਲਈ ਕਈ ਸੀਨੀਅਰ ਜਨਰਲਾਂ ਦੇ ਨਾਂ ਮਿਲੇ ਹਨ। ਜਨਰਲ ਬਾਜਵਾ (61) ਤਿੰਨ ਸਾਲ ਦੇ ਵਾਧੇ ਤੋਂ ਬਾਅਦ 29 ਨਵੰਬਰ ਨੂੰ ਸੇਵਾਮੁਕਤ ਹੋਣ ਵਾਲੇ ਹਨ। ਨਵੀਂ ਨਿਯੁਕਤੀ ਲਈ ਛੇ ਸਿਖਰਲੇ ਲੈਫਟੀਨੈਂਟ ਜਨਰਲਾਂ ਦੇ ਨਾਂ ਭੇਜਣ ਦੀ ਪੁਸ਼ਟੀ ਹੋਈ ਹੈ। ਮੰਨਿਆ ਜਾਂਦਾ ਹੈ ਕਿ ਸੂਚੀ ਵਿੱਚ ਲੈਫਟੀਨੈਂਟ ਜਨਰਲ ਆਸਿਮ ਮੁਨੀਰ (ਮੌਜੂਦਾ ਕੁਆਰਟਰ ਮਾਸਟਰ ਜਨਰਲ), ਲੈਫਟੀਨੈਂਟ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ (ਕਮਾਂਡਰ 10 ਕੋਰ), ਲੈਫਟੀਨੈਂਟ ਜਨਰਲ ਅਜ਼ਹਰ ਅੱਬਾਸ (ਚੀਫ ਆਫ ਜਨਰਲ ਸਟਾਫ), ਲੈਫਟੀਨੈਂਟ ਜਨਰਲ ਨੋਮਾਨ ਮਹਿਮੂਦ (ਨੈਸ਼ਨਲ ਡਿਫੈਂਸ ਯੂਨੀਵਰਸਿਟੀ ਦੇ ਚੇਅਰਮੈਨ), ਲੈਫਟੀਨੈਂਟ ਜਨਰਲ ਫੈਜ਼ ਹਾਮਿਦ (ਕਮਾਂਡਰ ਬਹਾਵਲਪੁਰ ਕੋਰ) ਅਤੇ ਲੈਫਟੀਨੈਂਟ ਜਨਰਲ ਮੁਹੰਮਦ ਆਮਿਰ (ਕਮਾਂਡਰ ਗੁਜਰਾਂਵਾਲਾ ਕੋਰ) ਦੇ ਨਾਮ ਸ਼ਾਮਲ ਹਨ। ਇਨ੍ਹਾਂ ਵਿੱਚੋਂ ਦੋ ਦੀ ਚੋਣ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵੱਲੋਂ 29 ਨਵੰਬਰ ਤੋਂ ਪਹਿਲਾਂ ਸੀਓਏਐੱਸ ਅਤੇ ਸੀਜੇਸੀਐੱਸਸੀ ਦੇ ਅਹੁਦਿਆਂ ‘ਤੇ ਤਰੱਕੀ ਅਤੇ ਨਿਯੁਕਤੀ ਲਈ ਕੀਤੀ ਜਾਵੇਗੀ। ਸ਼ਰੀਫ ਰਾਸ਼ਟਰਪਤੀ ਆਰਿਫ ਅਲਵੀ ਨੂੰ ਵੇਰਵੇ ਭੇਜਣਗੇ, ਜੋ ਨਿਯੁਕਤੀਆਂ ਬਾਰੇ ਸੂਚਿਤ ਕਰਨਗੇ। ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਸੀ ਕਿ ਅਗਲੇ ਫੌਜ ਮੁਖੀ ਦੀ ਨਿਯੁਕਤੀ ਦੀ ਪ੍ਰਕਿਰਿਆ 25 ਨਵੰਬਰ ਤੱਕ ਪੂਰੀ ਕਰ ਲਈ ਜਾਵੇਗੀ।