ਸ੍ਰੀਨਗਰ, 3 ਨਵੰਬਰ

ਪਾਕਿਸਤਾਨ ਨੇ ਗੋ ਫਸਟ ਏਅਰਵੇਜ਼ ਦੀ ਸ੍ਰੀਨਗਰ-ਸ਼ਾਰਜਾਹ ਉਡਾਣ ਨੂੰ ਆਪਣੇ ਹਵਾਈ ਖੇਤਰ ਦੀ ਵਰਤੋਂ ਨਾ ਕਰਨ ਦੇ ਹੁਕਮ ਸੁਣਾਏ ਹਨ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪਾਕਿਸਤਾਨ ਦੇ ਇਸ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਅਧਿਕਾਰੀਆਂ ਮੁਤਾਬਕ ਪਾਕਿਸਤਾਨ ਵੱਲੋਂ ਮੰਗਲਵਾਰ ਨੂੰ ਆਪਣੇ ਹਵਾਈ ਖੇਤਰ ’ਚੋਂ ਲੰਘਣ ਦੀ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਏਅਰਵੇਜ਼ ਨੂੰ ਲੰਬਾ ਰੂਟ ਤੈਅ ਕਰਦਿਆਂ ਗੁਜਰਾਤ ਉਪਰੋਂ ਹੁੰਦਿਆਂ ਯੂਏਈ ’ਚ ਆਪਣੇ ਮੁਕਾਮ ’ਤੇ ਪਹੁੰਚਣਾ ਪਿਆ ਅਤੇ 40 ਮਿੰਟ ਦੀ ਦੇਰੀ ਹੋਈ ਸੀ। ਗੋ ਫਸਟ ਨੇ 23 ਅਕਤੂਬਰ ਨੂੰ ਸ੍ਰੀਨਗਰ ਤੋਂ ਸ਼ਾਰਜਾਹ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਸਨ ਜਿਸ ਦਾ ਉਦਘਾਟਨ ਪਿਛਲੇ ਮਹੀਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਾਦੀ ਦੇ ਆਪਣੇ ਦੌਰੇ ਸਮੇਂ ਕੀਤਾ ਸੀ। ਅਧਿਕਾਰੀਆਂ ਨੇ ਕਿਹਾ ਕਿ 31 ਅਕਤੂਬਰ ਤੱਕ ਉਡਾਣ ਪਾਕਿਸਤਾਨ ਦੇ ਹਵਾਈ ਖੇਤਰ ਰਾਹੀਂ ਆਪਣੇ ਮੁਕਾਮ ’ਤੇ ਪਹੁੰਚ ਰਹੀ ਸੀ ਪਰ ਮੰਗਲਵਾਰ ਨੂੰ ਉਨ੍ਹਾਂ ਪਾਕਿਸਤਾਨ ਉਪਰੋਂ ਉਡਾਣ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਪਾਕਿਸਤਾਨ ਨੇ ਉਡਾਣ ਨੂੰ ਇਜਾਜ਼ਤ ਨਾ ਦੇਣ ਬਾਰੇ ਕੋਈ ਵਿਸ਼ੇਸ਼ ਕਾਰਨ ਨਹੀਂ ਦਿੱਤੇ ਹਨ।