ਇਸਲਾਮਾਬਾਦ, 27 ਦਸੰਬਰ
ਪਾਕਿਸਤਾਨ ਦੀ ਇੱਕ ਉੱਚ ਸੁਰੱਖਿਆ ਕਮੇਟੀ ਨੇ ਸੋਮਵਾਰ ਨੂੰ 2022-26 ਲਈ ਆਪਣੀ ‘ਕੌਮੀ ਸੁਰੱਖਿਆ ਨੀਤੀ’ ਨੂੰ ਮਨਜ਼ੂਰੀ ਦੇ ਦਿੱਤੀ ਹੈ, ਅਤੇ ‘ਆਰਥਿਕ ਸੁਰੱਖਿਆ’ ਨੂੰ ਇਸ ਨੀਤੀ ਦੇ ਕੇਂਦਰ ਵਿੱਚ ਰੱਖਿਆ ਗਿਆ ਹੈ। ਸੁਰੱਖਿਆ ਸਬੰਧੀ ‘ਨਾਗਰਿਕ-ਕੇਂਦਰਤ’ ਪਹੁੰਚ ਯਕੀਨੀ ਬਣਾਉਣ ਲਈ ਪਾਕਿਸਤਾਨ ਦਾ ਇਹ ਆਪਣੀ ਤਰ੍ਹਾਂ ਦਾ ਪਹਿਲਾ ਦਸਤਾਵੇਜ਼ ਹੈ। ਕੌਮੀ ਸੁਰੱਖਿਆ ਨੀਤੀ ਨੂੰ ਕੌਮੀ ਸੁਰੱਖਿਆ ਕਮੇਟੀ 36ਵੀਂ ਮੀਟਿੰਗ ਵਿੱਚ ਪੇਸ਼ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੀਤੀ। ਇਸ ਮੀਟਿੰਗ ਵਿੱਚ ਸੰਯੁਕਤ ਚੀਫ ਆਫ ਸਟਾਫ ਕਮੇਟੀ (ਜੇਸੀਐੱਸਸੀ) ਦੇ ਚੇਅਰਮੈਨ ਜਨਰਲ ਨਦੀਮ ਰਜ਼ਾ ਅਤੇ ਤਿੰਨਾਂ ਫੌਜਾਂ ਦੇ ਮੁਖੀ ਵੀ ਸ਼ਰੀਕ ਹੋਏ। ਕੌਮੀ ਸੁਰੱਖਿਆ ਸਲਾਹਕਾਰ ਮੋਈਦ ਯੂਸੁਫ ਨੇ ਦਸਤਵੇਜ਼ ਪੇਸ਼ ਕਰਦਿਆਂ ਕਿਹਾ ਕਿ ਪਾਕਿਸਤਾਨ ਇੱਕ ਵਿਆਪਕ ਕੌਮੀ ਸੁਰੱਖਿਆ ਢਾਂਚੇ ਵੱਲ ਵਧ ਰਿਹਾ ਹੈ, ਜਿਸ ਦਾ ਮੂਲ ਮਕਸਦ ਨਾਗਰਿਕਾਂ ਦੀ ਸੁਰੱਖਿਆ ਅਤੇ ਮਾਣ ਯਕੀਨੀ ਬਣਾਉਣਾ ਹੈ। ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਵਿੱਚ ਕੌਮੀ ਸੁਰੱਖਿਆ ਨੀਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ, ‘‘ਸੁਰੱਖਿਆ ਪ੍ਰਤੀ ਨਾਗਰਿਕ-ਕੇਂਦਰਤ ਰੁਖ ਯਕੀਨੀ ਬਣਾਉਣ ਲਈ ਨੀਤੀ ਨੇ ਆਰਥਿਕ ਸੁਰੱਖਿਆ ਨੂੰ ਆਪਣੇ ਕੇਂਦਰ ਵਿੱਚ ਰੱਖਿਆ ਹੈ।’ ਇਸ ਮੌਕੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿਸਤਾਨ ਦੀ ਸੁਰੱਖਿਆ ਉਸ ਦੇ ਨਾਗਰਿਕਾਂ ਦੀ ਸੁਰੱਖਿਆ ਵਿੱਚ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਕਿਸੇ ਵੀ ਅੰਦਰੂਨੀ ਅਤੇ ਬਾਹਰੀ ਖ਼ਤਰੇ ਨਾਲ ਨਜਿੱਠਣ ਲਈ ਤਿਆਰ ਹੈ। ਇਸ ਨੀਤੀ ਨੂੰ ਸਵੀਕਾਰ ਕੀਤੇ ਜਾਣ ਤੋਂ ਪਹਿਲਾਂ ਹੁਣ ਵਜ਼ਾਰਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।