ਕਰਾਚੀ,
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਹੜ੍ਹ ਪ੍ਰਭਾਵਿਤ ਸੂਬੇ ਬਲੋਚਿਸਤਾਨ ਦਾ ਦੌਰਾ ਕੀਤਾ ਅਤੇ ਪੀੜਤ ਲੋਕਾਂ ਨੂੰ ਰਾਹਤ ਅਤੇ ਮੁੜ-ਵਸੇਬੇ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਦੇਸ਼ ਵਿੱਚ ਹੁਣ ਤੱਕ ਮੀਂਹ ਅਤੇ ਹੜ੍ਹ ਕਾਰਨ 320 ਮੌਤਾਂ ਹੋ ਚੁੱਕੀਆਂ ਹਨ। ਬਲੋਚਿਸਤਾਨ ਸੂਬੇ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਸਭ ਤੋਂ ਵੱਧ ਤਬਾਹੀ ਮਚਾਈ ਹੈ, ਜਿਸ ਕਾਰਨ ਇੱਥੇ ਹੁਣ ਤੱਕ 127 ਮੌਤਾਂ ਹੋ ਚੁੱਕੀਆਂ ਹਨ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਬ ਨੇ ਕੋਇਟਾ ਦਾ ਦੌਰਾ ਕਰਨ ਮਗਰੋਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿਛਲੇ ਪੰਜ ਹਫ਼ਤਿਆਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਅਤੇ ਹੜ੍ਹਾਂ ਦੌਰਾਨ ਮਾਰੇ ਗਏ ਵਿਅਕਤੀਆਂ ਅਤੇ ਬੇਘਰ ਹੋਏ ਲੋਕਾਂ ਦੇ ਪਰਿਵਾਰਾਂ ਲਈ ਵਿਸ਼ੇਸ਼ ਮੁਆਵਜ਼ੇ ਦਾ ਐਲਾਨ ਕੀਤਾ। ਸ਼ਰੀਫ਼ ਨੇ ਦੱਸਿਆ ਕਿ ਬਲੋਚਿਸਤਾਨ ਵਿੱਚ ਕਰੀਬ ਤੇਰਾਂ ਹਜ਼ਾਰ ਮਕਾਨ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ। ਇਸੇ ਤਰ੍ਹਾਂ ਇਕੱਲੇ ਕਰਾਚੀ ਵਿੱਚ 70 ਜਣਿਆਂ ਦੀ ਮੌਤ ਹੋ ਚੁੱਕੀ ਹੈ। ਕੌਮੀ ਅਤੇ ਸੂੁਬਾਈ ਆਫ਼ਤ ਪ੍ਰਬੰਧਨ ਅਥਾਰਿਟੀ (ਪੀਡੀਐੱਮੲੇ) ਅਨੁਸਾਰ ਖੈਬਰ ਪਖਤੂਨਖਵਾ ਸੂਬੇ ਵਿੱਚ 60 ਅਤੇ ਪੰਜਾਬ ਵਿੱਚ 50 ਮੌਤਾਂ ਹੋਈਆਂ ਹਨ। ਬਲੋਚਿਸਤਾਨ ਤੋਂ ਪੀਡੀਐੱਮਏ ਦੇ ਡਾਇਰੈਕਟਰ ਜਨਰਲ ਨਸੀਰ ਅਹਿਮਦ ਨਸਰ ਨੇ ਦੱਸਿਆ ਕਿ ਹੁਣ ਤੱਕ ਸੂਬੇ ਵਿੱਚ 127 ਮੌਤਾਂ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਪਾਕਿਸਤਾਨੀ ਸੈਨਾ ਤੇ ਹੋਰ ਬਚਾਅ ਦਸਤਿਆਂ ਵੱਲੋਂ ਬਚਾਅ ਕਾਰਜ ਜਾਰੀ ਹਨ। ਮੀਂਹ ਕਾਰਨ ਪਾਕਿਸਤਾਨ ਤੇ ਇਰਾਨ ਨੂੰ ਜੋੜਦੀ ਰੇਲ ਪਟੜੀ ਪਾਣੀ ਵਿੱਚ ਰੁੜ ਜਾਣ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਰੇਲ ਸੇਵਾ ਵੀ ਪ੍ਰਭਾਵਿਤ ਹੋਈ ਹੈ।