ਇਸਲਾਮਾਬਾਦ, 2 ਫਰਵਰੀ

ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਵਿਚ ਮਹਿੰਗਾਈ ਦਰ ਨੇ ਕਈ ਰਿਕਾਰਡ ਤੋੜ ਦਿੱਤੇ ਹਨ ਤੇ ਆਉਣ ਵਾਲੇ ਸਮੇਂ ਮਹਿੰਗਾਈ ਹੋਰ ਵਧਣ ਦੀ ਸੰਭਾਵਨਾ ਹੈ। ਇਸ ਵੇਲੇ ਪਾਕਿਸਤਾਨ ਵਿੱਚ ਮਹਿੰਗਾਈ ਦਰ 27.6% ਹੈ। ਇਹ 1975 ਤੋਂ ਬਾਅਦ ਦੀ ਸਭ ਤੋਂ ਵੱਧ ਦਰ ਹੈ। ਉਸ ਵੇਲੇ ਮਹਿੰਗਾਈ ਦਰ 27.77 ’ਤੇ ਪੁੱਜ ਗਈ ਸੀ। ਦੱਸਣਾ ਬਣਦਾ ਹੈ ਕਿ 31 ਜਨਵਰੀ ਨੂੰ ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਦੀ ਇੱਕ ਟੀਮ ਪਾਕਿਸਤਾਨ ਪਹੁੰਚੀ ਸੀ ਜਿਸ ਵਲੋਂ ਛੇ ਅਰਬ ਡਾਲਰ ਦੇ ਕਰਜ਼ ਨੂੰ ਲੈ ਕੇ ਵਿੱਤ ਮੰਤਰਾਲੇ ਨਾਲ ਗੱਲਬਾਤ ਕੀਤੀ ਗਈ। ਇਹ ਪਤਾ ਲੱਗਾ ਹੈ ਕਿ ਆਈਐਮਐਫ ਨੇ ਇਸ ਕਰਜ਼ ਸਬੰਧੀ ਸਖਤ ਸ਼ਰਤਾਂ ਰੱਖੀਆਂ ਹਨ ਜਿਸ ਲਈ ਰਾਜਸੀ ਗਾਰੰਟੀ ਵੀ ਮੰਗੀ ਗਈ ਹੈ। ਆਈਐਮਐਫ ਨੇ ਇਹ ਵੀ ਕਿਹਾ ਹੈ ਕਿ ਇਹ ਕਰਜ਼ ਤਾਂ ਮਿਲੇਗਾ ਜੇ ਪਾਕਿ ਸਰਕਾਰ ਤੇਲ ਤੇ ਬਿਜਲੀ ਨੂੰ ਹੋਰ ਮਹਿੰਗਾ ਕਰੇ ਤੇ ਟੈਕਸ ਵੀ ਦੁੱਗਣੇ ਲਾਏ ਜਾਣ। ਜੇ ਇਹ ਸ਼ਰਤਾਂ ਲਾਗੂ ਹੋ ਜਾਂਦੀਆਂ ਹਨ ਤਾਂ ਪਾਕਿਸਤਾਨ ਵਿਚ ਮਹਿੰਗਾਈ ਛੜੱਪੇ ਮਾਰ ਕੇ ਵਧ ਜਾਵੇਗੀ।