ਲਾਹੌਰ, 18 ਜੁਲਾਈ

ਪਾਕਿਸਤਾਨ ਦੇ ਸਿੰਧ ਦਰਿਆ ਵਿੱਚ ਅੱਜ ਕਿਸ਼ਤੀ ਪਲਟਣ ਕਾਰਨ ਲਗਪਗ 20 ਜਣਿਆਂ ਦੀ ਮੌਤ ਹੋ ਗਈ, ਜਦੋਂਕਿ 30 ਹੋਰ ਲਾਪਤਾ ਹਨ। ਇਸ ਕਿਸ਼ਤੀ ਵਿੱਚ 100 ਤੋਂ ਵੱਧ ਲੋਕ ਸਵਾਰ ਸਨ। ਇਹ ਘਟਨਾ ਜ਼ਿਲ੍ਹੇ ਦੇ ਸਾਦਿਕਾਬਾਦ ਵਿੱਚ ਵਾਪਰੀ। ਕਿਸ਼ਤੀ ਵਿੱਚ ਸਮਰੱਥਾ ਨਾਲੋਂ ਵੱਧ ਲੋਕ ਸਵਾਰ ਸਨ। ਉਹ ਦਰਿਆ ਤੋਂ ਪਾਰ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਸਰਕਾਰੀ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਯਾਤਰੀਆਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਸਨ। ਗੋਤਾਖੋਰਾਂ ਦੀ ਮਦਦ ਨਾਲ ਲਗਪਗ 90 ਜਣਿਆਂ ਨੂੰ ਬਚਾਇਆ ਗਿਆ ਹੈ। ਸਥਾਨਕ ਸਰਕਾਰੀ ਅਧਿਕਾਰੀ ਅਸਲਮ ਤਸਲੀਮ ਨੇ ਜੀਓ ਨਿਊਜ਼ ਚੈਨਲ ਨੂੰ ਦੱਸਿਆ ਕਿ ਕਿਸ਼ਤੀ ਵਿੱਚ ਸਵਾਰ ਲੋਕ ਇੱਕ ਹੀ ਕਬੀਲੇ ਨਾਲ ਸਬੰਧਿਤ ਸਨ। ਉਹ ਦਰਿਆ ਤੋਂ ਪਾਰ ਪਰਿਵਾਰ ਦੇ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਤੱਕ 20 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਮ੍ਰਿਤਕਾਂ ਵਿੱਚ ਜ਼ਿਆਦਾਤਰ ਔਰਤਾਂ ਹਨ। ਅਧਿਕਾਰੀ ਨੇ ਕਿਹਾ ਕਿ ਲਗਪਗ 30 ਜਣੇ ਹਾਲੇ ਵੀ ਲਾਪਤਾ ਹਨ।