ਕਰਾਚੀ, 27 ਫਰਵਰੀ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਇਕ ਮੋਟਰਸਾਈਕਲ ’ਤੇ ਲਾਈ ਆਈਈਡੀ ਨਾਲ ਕੀਤੇ ਧਮਾਕੇ ਵਿੱਚ ਘੱਟੋ-ਘੱਟ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 14 ਹੋਰ ਜ਼ਖ਼ਮੀ ਹੋ ਗਏ। ਇਹ ਧਮਾਕਾ ਅਜਿਹੇ ਮੌਕੇ ਹੋਇਆ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਬਲੋਚਿਸਤਾਨ ਦੇ ਖ਼ੁਜ਼ਦਾਰ ਜ਼ਿਲ੍ਹੇ ਵਿੱਚ ਹੋੲੇ ਧਮਾਕੇ ਵਿੱਚ ਦੋ ਪੁਲੀਸ ਮੁਲਾਜ਼ਮਾਂ ਦੀ ਜਾਨ ਜਾਂਦੀ ਰਹੀ ਤੇ ਇੱਕ ਮੁਲਾਜ਼ਮ ਜ਼ਖ਼ਮੀ ਹੋ ਗਿਆ। ਬਰਖ਼ਾਨ ਦੇ ਡਿਪਟੀ ਕਮਿਸ਼ਨਰ ਨੇ ‘ਡਾਅਨ’ ਅਖਬਾਰ ਨੂੰ ਦੱਸਿਆ ਕਿ ਅੱਜ ਸਵੇਰੇ ਰਖਨੀ ਮਾਰਕੀਟ ਵਿੱਚ ਮੋਟਰਸਾਈਕਲ ’ਤੇ ਫਿਟ ਆਈਈਡੀ ਨਾਲ ਧਮਾਕਾ ਕੀਤਾ ਗਿਆ ਹੈ। ਧਮਾਕੇ ਮੌਕੇ ਪੁਲੀਸ ਮੁਲਾਜ਼ਮ ਗਸ਼ਤੀ ਡਿਊਟੀ ’ਤੇ ਸਨ। ਬਰਖ਼ਾਨ ਥਾਣੇ ਦੇ ਮੁਖੀ ਸੱਜਾਦ ਅਫਜ਼ਲ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਂਜ ਅਜੇ ਤੱਕ ਕਿਸੇ ਦਹਿਸ਼ਤੀ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮ ਘਟਨਾ ਸਥਾਨ ’ਤੇ ਪਹੁੰਚ ਗਈ ਹੈ ਅਤੇ ਇਲਾਕੇ ਦੀ ਘੇਰਾਬੰਦੀ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਸਰਕਾਰ ਨਾਲ ਪਿਛਲੇ ਸਾਲ ਨਵੰਬਰ ਵਿੱਚ ਗੱਲਬਾਤ ਟੁੱਟਣ ਮਗਰੋਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਦਹਿਸ਼ਤੀ ਹਮਲੇ ਵਧ ਗਏ ਹਨ। ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਅਬਦੁਲ ਕੁਦੂਸ ਬਿਜ਼ੈਨਜੋ ਨੇ ਇਸ ਧਮਾਕੇ ਦੀ ਨਿਖੇਧੀ ਕਰਦਿਆਂ ਅ ਨੂੰ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਹਦਾਇਤ ਕੀਤੀ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਵੀ ਧਮਾਕੇ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਤੋਂ ਰਿਪੋਰਟ ਮੰਗੀ ਹੈ।