ਇਸਲਾਮਾਬਾਦ, 3 ਦਸੰਬਰ

ਪਾਕਿਸਤਾਨ ਨੇ ਵਾਹਗਾ ਸਰਹੱਦ ਰਾਹੀਂ ਅਫਗਾਨ ਟਰੱਕਾਂ ਵੱਲੋਂ 50 ਹਜ਼ਾਰ ਮੀਟਰਿਕ ਟਨ ਅਨਾਜ ਅਤੇ ਜੀਵਨ ਰੱਖਿਅਕ ਦਵਾਈਆਂ ਨੂੰ ਅਫਗਾਨਿਸਤਾਨ ਪਹੁੰਚਾਉਣ ਲਈ ਅੱਜ ਭਾਰਤ ਨੂੰ ਇਜ਼ਾਜਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਇਸ ਸਾਮਾਨ ਨੂੰ ਪਹੁੰਚਾਉਣ ਦੇ ਤੌਰ-ਤਰੀਕੇ ਨੂੰ ਲੈ ਕੇ ਦੋਹਾਂ ਦੇਸ਼ਾਂ ਵਿੱਚ ਵਿਵਾਦ ਹੋ ਗਿਆ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਅਨੁਸਾਰ ਭਾਰਤ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮਨੁੱਖੀ ਸਹਾਇਤਾ ਪਹੁੰਚਾਉਣ ਲਈ ਕਿਸੇ ਤਰ੍ਹਾਂ ਦੀ ਸ਼ਰਤ ਨਹੀਂ ਹੋਣੀ ਚਾਹੀਦੀ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਪਾਕਿਸਤਾਨ ਨੇ ਆਪਣੇ ਅਧਿਕਾਰਤ ਖੇਤਰ ਰਾਹੀਂ ਅਫਗਾਨਿਸਤਾਨ ਨੂੰ ਅਨਾਜ ਭੇਜਣ ਦੇ ਭਾਰਤ ਸਰਕਾਰ ਦੇ ਮਤੇ ਨੂੰ ਠੁਕਰਾ ਦਿੱਤਾ ਸੀ। ਇਸ ਮਗਰੋਂ ਦੋਹਾਂ ਦੇਸ਼ਾਂ ਵਿੱਚ ਗੱਲਬਾਤ ਮਗਰੋਂ ਅੱਜ ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਅਨਾਜ ਤੇ ਦਵਾਈਆਂ ਨੂੰ ਪਾਕਿਸਤਾਨ ਰਸਤੇ ਅਫਗਾਨਿਸਤਾਨ ਭੇਜਣ ਦੀ ਇਜ਼ਾਜਤ ਦੇ ਦਿੱਤੀ ਹੈ ਤੇ ਇਸ ਬਾਰੇ ਭਾਰਤੀ ਅਥਾਰਿਟੀ ਨੂੰ ਸੂਚਿਤ ਕਰ ਦਿੱਤਾ ਹੈ।