ਕਰਾਚੀ, 8 ਜਨਵਰੀ

ਪਾਕਿਸਤਾਨ ਦੇ ਉੱਤਰੀ ਪਹਾੜੀ ਇਲਾਕੇ ਮੜੀ ਵਿੱਚ ਬਰਫ ਦਾ ਅਨੰਦ ਲੈਣ ਆਏ ਵੱਡੀ ਗਿਣਤੀ ਵਿੱਚ ਸੈਲਾਨੀ ਆਪਣੇ ਵਾਹਨਾਂ ਵਿੱਚ ਹੀ ਫਸ ਗਏ ਹਨ ਅਤੇ ਕੜਾਕੇ ਦੀ ਠੰਢ ਕਾਰਨ 21 ਸੈਲਾਨੀਆਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿੱਚ 9 ਬੱਚੇ ਸ਼ਾਮਲ ਹਨ। ਸਰਕਾਰ ਨੇ ਮੜੀ ਨੂੰ ਆਫਤ ਪ੍ਰਭਾਵਿਤ ਇਲਾਕਾ ਐਲਾਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮੜੀ ਦਾ ਪਹਾੜੀ ਇਲਾਕਾ ਇਸਲਾਮਾਬਾਦ ਤੋਂ 64 ਕਿਲੋਮੀਟਰ ਦੂਰ ਹੈ। ਇਕ ਜਾਣਕਾਰੀ ਅਨੁਸਾਰ ਮੜੀ ਇਲਾਕੇ ਵਿੱਚ ਇਕ ਹਜ਼ਾਰ ਵਾਹਨ ਫਸੇ ਹੋਏ ਹਨ। ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਪਿਛਲੇ 15 ਤੋਂ 20 ਸਾਲਾਂ ਵਿੱਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿੱਚ ਸੈਲਾਨੀ ਮੜੀ ਵਿੱਚ ਆਏ ਹਨ ਜਿਸ ਕਾਰਨ ਸੰਕਟ ਖੜ੍ਹਾ ਹੋ ਗਿਆ ਹੈ। ਸੈਲਾਨੀਆਂ ਦੀ ਮਦਦ ਲਈ ਫੌਜ ਅਤੇ ਅਰਧ ਸੈਨਿਕ ਦਲ ਤਾਇਨਾਤ ਕਰ ਦਿੱਤੇ ਗਏ ਹਨ। ਸਰਕਾਰ ਨੇ ਮੜੀ ਵੱਲ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ ਤਾਂ ਕਿ ਉਥੇ ਹੋਰ ਸੈਲਾਨੀ ਨਾ ਜਾ ਸਕਣ।